122 new cases of corona : ਜਲੰਧਰ ਜ਼ਿਲ੍ਹੇ ਵਿੱਚ ਕੋਰੋਨਾ ਨੂੰ ਹਰਾਉਣ ਨੂੰ ਲੈ ਕੇ ਮਰੀਜ਼ਾਂ ਦੇ ਹੌਸਲੇ ਬੁਲੰਦ ਹੋਣ ਲੱਗੇ ਹਨ। ਐਤਵਾਰ ਨੂੰ ਜ਼ਿਲ੍ਹੇ ਵਿੱਚ ਕੋਰੋਨਾ ਦੇ 122 ਨਵੇਂ ਮਾਮਲੇ ਮਿਲੇ ਹਨ, ਜਦਕਿ 8 ਮੌਤਾਂ ਦਰਜ ਕੀਤੀਆਂ ਗਈਆਂ ਹਨ। ਤਾਜ਼ਾ ਮਾਮਲਿਆਂ ਨਾਲ ਜ਼ਿਲ੍ਹੇ ਵਿੱਚ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 12,606 ਹੋ ਗਈ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੋਰੋਨਾ ਤੋਂ ਜੰਗ ਜਿੱਤਣ ਵਾਲਿਆਂ ਦਾ ਅੰਕੜਾ ਦਸ ਹਜ਼ਾਰ ਪਾਰ ਕਰ ਗਿਆ। ਸ਼ਨੀਵਾਰ ਨੂੰ ਕੋਰੋਨਾ ਨੇ ਏਅਰ ਫੋਰਸ ਸਟੇਸ਼ਨ ਤੇ ਖਜ਼ਾਨਾ ਆਫਿਸ ਤੋਂ ਇਲਾਵਾ ਹੋਰ ਸਰਕਾਰੀ ਸੰਸਥਾਵਾਂ ਵਿੱਚ 217 ਲੋਕਾਂ ਨੂੰ ਲਪੇਟ ਵਿੱਚ ਲਿਆ। ਜ਼ਿਲ੍ਹੇ ਵਿੱਚ ਕੋਰੋਨਾ ਨਾਲ ਥਾਣਾ ਸੱਤ ਦੇ ਏਐੱਸਆਈ ਮਨਜੀਤ ਸਿੰਘ ਸਣੇ ਬੀਤੇ ਦਿਨ ਨੌ ਮੌਤਾਂ ਹੋਈਆਂ। ਏਐੱਸਆਈ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ। 222 ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰਾਂ ਤੋਂ ਛੁੱਟੀ ਦੇ ਕੇ ਘਰ ਵਿੱਚ ਆਈਸੋਲੇਸ਼ਨ ਲਈ ਰਵਾਨਾ ਕੀਤਾ ਗਿਆ। ਬੀਤੇ ਦਿਨ ਸਾਹਮਣੇ ਆਏ ਮਾਮਲਿਆਂ ਵਿੱਚੋਂ ਆਦਮਪੁਰ ਤੋਂ 18, ਸ਼ਾਹਕੋਟ ਤੋਂ 12, ਮਿਲਟਰੀ ਹਸਪਤਾਲ ਤੋਂ 6, ਮਾਡਲ ਟਾਊਨ ਤੋਂ 7, ਐੱਸਡੀਐਮ-1 ਤੇ 2 ਆਫਿਸ ਵਿੱਚ ਆਏ ਦੋ ਲੋਕਾਂ, ਸ਼ਹੀਦ ਭਗਤ ਸਿੰਘ ਨਗਰ ਤੋਂ ਪੰਜ, ਨਕੋਦਰ ਤੋਂ ਛੇ ਅਤੇ ਗੋਰਾਇਆ ਤੇ ਧੀਨਾ ਤੋਂ ਚਾਰ-ਚਾਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ।
ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ 217 ਮਰੀਜ਼ਾਂ ਵਿੱਚੋਂ 51 ਮਰੀਜ਼ ਹੋਰਨਾਂ ਜ਼ਿਲ੍ਹਿਆਂ ਨਾਲ ਸੰਬੰਧਤ ਹਨ। ਜ਼ਿਲ੍ਹੇ ਵਿੱਚ ਮਰੀਜ਼ਾਂ ਦੀ ਗਿਣਤੀ 12484, ਮਰਨ ਵਾਲਿਆਂ ਦੀ ਗਿਣਤੀ 365 ਪਹੁੰਚ ਗਈ ਹੈ। 2208 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਜ਼ਿਲ੍ਹੇ ਵਿੱਚ 162573 ਲੋਕਾਂ ਦੇ ਸੈਂਪਲਾਂ ਹੋ ਚੁੱਕੀ ਹੈ ਅਤੇ 144801 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।