13 New cases of Corona : ਜਲੰਧਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਇਸ ਦੇ ਮਾਮਲਿਆਂ ਵਿਚ ਜ਼ਿਲੇ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਦੱਸ ਦੇਈਏ ਕਿ ਅੱਜ ਜਲੰਧਰ ਵਿਚ ਕੋਰੋਨਾ ਵਾਇਰਸ ਦੇ 13 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਨਵੇਂ ਆਏ ਮਰੀਜ਼ਾਂ ਵਿਚ ਵਧੇਰੇ ਕੋਰੋਨਾ ਵਾਇਰਸ ਨਾਲ ਪੀਜੀਆਈ ਹਸਪਤਾਲ ਵਿਚ ਮਰੇ ਨਰੇਸ਼ ਚਾਵਲਾ ਦੇ ਸੰਪਰਕ ਵਾਲੇ ਹਨ। ਇਸ ਤੋਂ ਪਹਿਲਾਂ ਜਲੰਧਰ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ 174 ਮਰੀਜ਼ ਸਨ, ਜਦਕਿ ਹੁਣ ਜਲੰਧਰ ਵਿਚ ਕੁਲ ਮਰੀਜ਼ਾਂ ਦਾ ਅੰਕੜਾ 187 ਤੱਕ ਪਹੁੰਚ ਗਿਆ ਹੈ।
ਤੁਹਾਨੂੰ ਦੱਸ ਦੇਈਏ ਜ਼ਿਲੇ ਵਿਚ ਕੁਲ 174 ਮਰੀਜ਼ਾਂ ਵਿਚੋਂ 24 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਜਲੰਧਰ ਜ਼ਿਲੇ ਵਿਚ ਕੁਲ ਐਕਟਿਵ ਕੇਸਾਂ ਦੀ ਗਿਣਤੀ 144 ਹੈ। ਹੁਣ ਤੱਕ ਕੋਰੋਨਾ ਨਾਲ ਜ਼ਿਲੇ ਵਿਚ 6 ਮੌਤਾਂ ਹੋ ਚੁੱਕੀਆਂ ਹਨ। ਅੱਜ ਵੀ ਕੋਰੋਨਾ ਕਾਰਨ ਜਲੰਧਰ ਜ਼ਿਲੇ ਦੇ ਇਕ 91 ਸਾਲਾ ਬਜ਼ੁਰਗ ਵਿਅਕਤੀ ਨੇ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਚ ਦਮ ਤੋੜ ਦਿੱਤਾ। ਇਹ ਵਿਅਕਤੀ ਜੰਡੂਸਿੰਘਾ ਦਾ ਰਹਿਣ ਵਾਲਾ ਸੀ। ਉਕਤ ਵਿਅਕਤੀ ਦੀ ਬੀਤੇ ਦਿਨ ਹੀ ਰਿਪੋਰਟ ਵਿਚ ਉਸ ਦੇ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਨੂੰ ਜਲੰਧਰ ਦੇ ਕਿਡਨੀ ਹਸਪਤਾਲ ਤੋਂ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਪੰਜਾਬ ਵਿਚ ਹੁਣ ਤੱਕ ਕੋਰੋਨਾਂ ਵਾਇਰਸ ਦੇ 1886 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਤੱਕ ਸੂਬੇ ਵਿਚ ਇਸ ਨਾਲ 31 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 155 ਤੋਂ ਵੱਧ ਮਰੀਜ਼ ਇਸ ਵਾਇਰਸ ਤੋਂ ਜੰਗ ਫਤਿਹ ਕਰਕੇ ਘਰਾਂ ਨੂੰ ਪਰਤ ਚੁੱਕੇ ਹਨ।