184 Chinese apps banned : ਇਸਲਾਮਾਬਾਦ : ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ ਪਾਕਿਸਤਾਨ ਵਿੱਚ ਜਿਥੇ ਮਸ਼ਹੂਰ ਚੀਨੀ ਮੋਬਾਈਲ ਐਪ ਟਿਕਟੌਕ ’ਤੇ ਪਾਬੰਦੀ ਲੱਗੇਗੀ, ਉਥੇ ਹੀ ਸਾਊਦੀ ਅਰਬ ਨੇ 184 ਚੀਨੀ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ। ਪਾਕਿਸਤਾਨ ਦੀ ਸਰਕਾਰ ਨੇ ਇਹ ਫੈਸਲਾ ਇੱਕ ਅਦਾਲਤ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਲਿਆ ਹੈ। ਇਥੇ ਦੀ ਰੈਗੂਲੇਟਰੀ ਸੰਸਥਾ ਪਾਕਿਸਤਾਨ ਟੈਲੀਕਾਮ ਅਥਾਰਿਟੀ (ਪੀਟੀਏ) ਦੇ ਬੁਲਾਰੇ ਖੁਰਰਮ ਮੇਹਰਨ ਨੇ ਦੱਸਿਆ ਕਿ ਸੰਸਥਾ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰੇਗੀ। ਪੇਸ਼ਾਵਰ ਦੀ ਹਾਈਕੋਰਟ ਵਿੱਚ ਇਸ ਸੰਬੰਧੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਐਪ ਦੇ ਰਾਹੀਂ ਅਸ਼ਲੀਲ ਸਮੱਗਰੀ ਪਰੋਸੀ ਜਾ ਰਹੀ ਹੈ।
ਇਸ ਤੋਂ ਬਾਅਦ ਅਦਾਲਤ ਨੇ ਸਬੂਤਾਂ ਦੇ ਆਧਾਰ ’ਤੇ ਇਹ ਫੈਸਲਾ ਲਿਆ ਹੈ। ਇਸ ਸਬੰਧ ਵਿੱਚ ਟਿਕਟੌਕ ਦੇ ਪ੍ਰਤੀਨਿਧੀ ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ਨੂੰ ਦੇਖਦਿਆਂ ਅਗਲੀ ਕਾਰਵਾਈ ਕਰਨਗੇ। ਟਿਕਟੌਕ ਪਾਕਿਸਤਾਨ ਵਿੱਚ ਸਭ ਤੋਂ ਡਾਊਨਲੋਡ ਕੀਤਾ ਜਾਣ ਵਾਲਾ ਮੋਬਾਈਲ ਐਪ ਹੈ। ਇਸ ‘ਤੇ ਪਹਿਲਾਂ ਦੱਖਣੀ ਏਸ਼ੀਆ ਦੇ ਮੁਸਲਿਮ ਦੇਸ਼ਾਂ ਨੇ ਪਾਬੰਦੀ ਲਗਾਈ ਸੀ, ਪਰ ਇਹ ਪਾਬੰਦੀ ਸਿਰਫ ਦਸ ਦਿਨਾਂ ਬਾਅਦ ਵਾਪਸ ਲੈ ਲਈ ਗਈ ਸੀ।
ਦੂਜੇ ਪਾਸੇ ਸਾਊਦੀ ਅਰਬ ਨੇ ਵੀ 184 ਚੀਨੀ ਵੈਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ। ਗੁਲਫ ਨਿਊਜ਼ ਦੀ ਇਕ ਰਿਪੋਰਟ ਦੇ ਅਨੁਸਾਰ, ਇਹ ਵੈਬਸਾਈਟਾਂ ਖਰਾਬ, ਮਿਲਾਵਟੀ ਸਾਮਾਨ ਦੀ ਵਿਕਰੀ ਦੇ ਨਾਲ-ਨਾਲ ਭਰਮਾਊ ਆਫਰ ਰਾਹੀਂ ਸਾਊਦੀ ਅਰਬ ਦੀ ਮਾਰਕੀਟ ਨੂੰ ਨਿਸ਼ਾਨਾ ਬਣਾ ਰਹੀਆਂ ਸਨ। ਅਲ ਜਜ਼ੀਰਾ ਅਖਬਾਰ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਵੈਬਸਾਈਟਾਂ ਗਾਹਕਾਂ ਨੂੰ ਰਿਟਰਨ, ਐਕਸਚੇਂਜ ਅਤੇ ਆਫਟਰ ਸੇਲਸ ਸੇਵਾਵਾਂ ਦਾ ਬਦਲ ਦੇਣ ਵਿੱਚ ਵੀ ਨਾਕਾਮ ਰਹੀਆਂ ਅਤੇ ਇਨ੍ਹਾਂ ਨੇ ਖਰੀਦਦਾਰਾਂ ਨੂੰ ਗੁੰਮਰਾਹ ਕੀਤਾ। ਸਾਊਦੀ ਅਰਬ ਦੇ ਮੰਤਰਾਲਾ ਨੇ ਛਾਣ-ਬੀਣ ਤੋਂ ਬਾਅਦ ਇਨ੍ਹਾਂ ਸਾਰੀਆਂ ਸਾਈਟਾਂ ਨੂੰ ਬਲਾਕ ਕਰ ਦਿੱਤਾ ਹੈ।