19 Cases of Corona Virus : ਕੋਰੋਨਾ ਵਾਇਰਸ ਦੇ ਮਾਮਲੇ ਅੰਮ੍ਰਿਤਸਰ ਜ਼ਿਲੇ ਵਿਚ ਰੁਕਣ ਦੇ ਨਾਂ ਨਹੀਂ ਲੈ ਰਹੇ। ਅੱਜ ਸ਼ੁੱਕਰਵਾਰ ਨੂੰ ਵੀ ਜ਼ਿਲੇ ਵਿਚ ਕੋਰੋਨਾ ਦੇ ਇਕੱਠੇ ਮਾਮਲੇ ਸਾਹਮਣੇ ਆਏ ਹਨ, ਜਿਥੇ 19 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਨਵੇਂ ਮਾਮਲੇ ਜੱਜ ਨਗਰ ਲਾਹੋਰ ਗੇਟ ਚਾਂਦ ਐਵੇਨਿਊ, ਬਾਂਬੇ ਵਾਲਾ ਖੂਬਕਟੜਾ, ਪ੍ਰੀਤ ਨਗਰ ਕਰਮਪੁਰਾ, ਗੁਰੂ ਰਾਮ ਦਾਸ ਨਗਰ ਵ੍ਰਿੰਦਾਵਨ ਇਨਕਲੇਵ ’ਚੋਂ ਸਾਹਮਣੇ ਆਏ ਹਨ। ਇਕੱਠੇ 19 ਮਾਮਲੇ ਸਾਹਮਣੇ ਆਉਣ ਨਾਲ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਜ਼ਿਲੇ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 440 ਹੋ ਗਈ ਹੈ ਤੇ ਹੁਣ ਤੱਕ 8 ਲੋਕਾਂ ਦੀ ਇਸ ਵਾਇਰਸ ਨਾਲ ਜ਼ਿਲੇ ਵਿਚ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 327 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਸਕਦੇ ਹਨ, ਜਦਕਿ 105 ਮਾਮਲੇ ਅਜੇ ਵੀ ਐਕਟਿਵ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦਾ ਕਹਿਰ ਸੂਬੇ ਵਿਚ ਵਧਦਾ ਹੀ ਜਾ ਰਿਹਾ ਹੈ। ਅੱਜ ਕੋਰੋਨਾ ਵਾਇਰਸ ਨਾਲ ਤਰਨਤਾਰਨ ਅਧੀਨ ਆਉਂਦੇ ਪੱਟੀ ਸ਼ਹਿਰ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਸੂਬੇ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚੋਂ ਜਿਥੇ ਜਲੰਧਰ ਜ਼ਿਲੇ ਤੋਂ ਕੋਰੋਨਾ ਦੇ 8 ਮਰੀਜ਼ ਪਾਜ਼ੀਟਿਵ ਪਾਏ ਗਏ ਹਨ ਤੇ ਬਠਿੰਡਾ ਤੋਂ ਵੀ ਇਕ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ 10 ਸਾਲਾ ਬੱਚੇ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਫਰੀਦਕੋਟ ਤੇ ਮੋਗਾ ਤੋਂ ਵੀ ਇਸ ਦਾ ਇਕ-ਇਕ ਮਾਮਲਾ ਸਾਹਮਣੇ ਆਇਆ ਹੈ, ਜਦਕਿ ਲੁਧਿਆਣਾ ਵਿਚ ਇਸ ਦੇ ਵੱਡੀ ਗਿਣਤੀ ਵਿਚ 24 ਮਾਮਲੇ ਸਾਹਮਣੇ ਆਏ ਹਨ।