ਬੀਤੀ ਰਾਤ ਆਏ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਰਿਹਾ, ਜਿਥੇ ਹਿੰਦੂਕੁਸ਼ ਖੇਤਰ ਵਿੱਚ ਮੰਗਲਵਾਰ (21 ਮਾਰਚ) ਰਾਤ ਨੂੰ 6.5 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੇ ਝਟਕੇ ਅਫਗਾਨਿਸਤਾਨ ਦੇ ਨਾਲ-ਨਾਲ ਪਾਕਿਸਤਾਨ ਅਤੇ ਭਾਰਤ ਵਿੱਚ ਵੀ ਮਹਿਸੂਸ ਕੀਤੇ ਗਏ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਭੂਚਾਲ ਕਾਰਨ ਭਾਰੀ ਨੁਕਸਾਨ ਹੋਇਆ ਹੈ। ਅਫਗਾਨਿਸਤਾਨ ‘ਚ ਭੂਚਾਲ ਕਾਰਨ ਹੁਣ ਤੱਕ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਪਾਕਿਸਤਾਨ ‘ਚ ਭੂਚਾਲ ਕਾਰਨ 2 ਔਰਤਾਂ ਸਣੇ 9 ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਵਿਚ 160 ਲੋਕ ਜ਼ਖਮੀ ਵੀ ਹੋਏ ਹਨ।
ਅਫਗਾਨਿਸਤਾਨ ਵਿੱਚ ਗ੍ਰਹਿ ਮੰਤਰੀ ਸਿਰਜਾਊਦੀਨ ਹੱਕਾਨੀ ਨੇ ਦੇਸ਼ ਭਰ ਦੇ ਸਾਰੇ 34 ਸੂਬਿਆਂ ਦੇ ਗਵਰਨਰਾਂ ਅਤੇ ਪੁਲਿਸ ਮੁਖੀਆਂ ਨੂੰ ਭੂਚਾਲ ਨਾਲ ਪ੍ਰਭਾਵਿਤ ਸਾਰੇ ਲੋਕਾਂ ਦੀ ਮਦਦ ਅਤੇ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਨਾਲ-ਨਾਲ ਇਸਲਾਮਾਬਾਦ ਅਤੇ ਲਾਹੌਰ ਸਣੇ ਪਾਕਿਸਤਾਨ ਦੇ ਕਈ ਸ਼ਹਿਰਾਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਮੰਗਲਵਾਰ ਰਾਤ ਨੂੰ ਆਏ ਭੂਚਾਲ ਦੀ ਸ਼ੁਰੂਆਤ ਸਤ੍ਹਾ ਤੋਂ 187 ਕਿਲੋਮੀਟਰ ਹੇਠਾਂ ਆਈ। ਡੂੰਘੇ ਭੁਚਾਲ ਆਮ ਤੌਰ ‘ਤੇ ਹਿੰਦੂਕੁਸ਼ ਖੇਤਰ ਵਿੱਚ ਆਉਂਦੇ ਹਨ, ਜੋ ਕਿ 100 ਕਿਲੋਮੀਟਰ ਜਾਂ ਇਸ ਤੋਂ ਘੱਟ ਦੀ ਡੂੰਘਾਈ ਤੋਂ ਪੈਦਾ ਹੁੰਦੇ ਹਨ। ਡੂੰਘੇ ਭੂਚਾਲ ਜੇ ਕਾਫ਼ੀ ਮਜ਼ਬੂਤ ਹੁੰਦੇ ਹਨ, ਤਾਂ ਵੱਡੇ ਭੂਗੋਲਿਕ ਖੇਤਰਾਂ ਵਿੱਚ ਮਹਿਸੂਸ ਕੀਤੇ ਜਾਂਦੇ ਹਨ।
ਰਿਪੋਰਟ ਮੁਤਾਬਕ ਦੱਸਿਆ ਕਿ ਭੂਚਾਲ ਦੇ ਸਮੇਂ ਰਾਵਲਪਿੰਡੀ ਦੇ ਇੱਕ ਬਾਜ਼ਾਰ ਵਿੱਚ ਭਗਦੜ ਮਚ ਗਈ। ਖਬਰਾਂ ‘ਚ ਕਿਹਾ ਗਿਆ ਹੈ ਕਿ ਖੈਬਰ-ਪਖਤੂਨਖਵਾ ਸੂਬੇ ਦੇ ਸਵਾਬੀ ‘ਚ ਇਕ ਘਰ ਦੀ ਛੱਤ ਡਿੱਗਣ ਨਾਲ ਇਕ ਹੀ ਪਰਿਵਾਰ ਦੇ ਘੱਟੋ-ਘੱਟ 5 ਮੈਂਬਰ ਜ਼ਖਮੀ ਹੋ ਗਏ।
ਹਰਿਆਣਾ, ਪੰਜਾਬ, ਰਾਜਸਥਾਨ, ਜੰਮੂ-ਕਸ਼ਮੀਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਦੇ ਤੁਰੰਤ ਬਾਅਦ ਜੰਮੂ ਖੇਤਰ ਦੇ ਕੁਝ ਹਿੱਸਿਆਂ ਵਿੱਚ ਮੋਬਾਈਲ ਸੇਵਾਵਾਂ ਵਿੱਚ ਵਿਘਨ ਪਿਆ। ਐਨਸੀਐਸ ਦੇ ਅਨੁਸਾਰ ਭੂਚਾਲ ਦਾ ਕੇਂਦਰ 156 ਕਿਲੋਮੀਟਰ ਦੀ ਡੂੰਘਾਈ ਵਿੱਚ 36.09 ਡਿਗਰੀ ਉੱਤਰ ਅਕਸ਼ਾਂਸ਼ ਅਤੇ 71.35 ਡਿਗਰੀ ਪੂਰਬ ਵਿੱਚ ਲੰਬਕਾਰ ਸੀ। ਉਤਰਕਾਸ਼ੀ ਅਤੇ ਚਮੋਲੀ ਸਮੇਤ ਉੱਤਰਾਖੰਡ ‘ਚ ਵੀ ਕਈ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਤਹਿਸੀਲ ਕੰਪਲੈਕਸ ਵਿਚ ਚੱਲੀਆਂ ਗੋਲੀਆਂ, 2 ਗੰਭੀਰ ਜ਼ਖਮੀ, ਹਸਪਤਾਲ ਕਰਾਇਆ ਗਿਆ ਭਰਤੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, “ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਉਮੀਦ ਹੈ ਕਿ ਤੁਸੀਂ ਸਾਰੇ ਸੁਰੱਖਿਅਤ ਹੋਵੋਗੇ।” ਭੂਚਾਲ ਦੇ ਝਟਕਿਆਂ ਤੋਂ ਬਾਅਦ ਪੂਰਬੀ ਦਿੱਲੀ ਦੇ ਸ਼ਕਰਪੁਰ ਵਿੱਚ ਲੋਕ ਘਰਾਂ ਤੋਂ ਬਾਹਰ ਆ ਗਏ। ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਇਮਾਰਤ ਝੁਕ ਗਈ ਹੈ, ਪਰ ਇਹ ਜਾਣਕਾਰੀ ਝੂਠੀ ਨਿਕਲੀ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਇਮਾਰਤ ਦੇ ਝੁਕਣ ਦੀ ਸੂਚਨਾ ਤੋਂ ਬਾਅਦ ਦੋ ਫਾਇਰ ਇੰਜਣਾਂ ਨੂੰ ਦੱਖਣ-ਪੂਰਬੀ ਦਿੱਲੀ ਦੇ ਜਾਮੀਆ ਨਗਰ ਵਿੱਚ ਭੇਜਿਆ ਗਿਆ।
ਨੋਇਡਾ ਦੇ ਇਕ ਨਿਵਾਸੀ ਨੇ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਡਾਇਨਿੰਗ ਟੇਬਲ ਨੂੰ ਹਿਲਦਾ ਦੇਖਿਆ। ਨੋਇਡਾ ਦੇ ਹਾਈਡ ਪਾਰਕ ਸੋਸਾਇਟੀ ਦੇ ਇੱਕ ਨਿਵਾਸੀ ਨੇ ਕਿਹਾ, “ਇਸ ਤੋਂ ਤੁਰੰਤ ਬਾਅਦ ਅਸੀਂ ਦੇਖਿਆ ਕਿ ਪੱਖੇ ਵੀ ਹਿੱਲ ਰਹੇ ਸਨ। ਭੂਚਾਲ ਦੀ ਤੀਬਰਤਾ ਬਹੁਤ ਤੇਜ਼ ਸੀ ਅਤੇ ਭੂਚਾਲ ਦੇ ਝਟਕੇ ਲੰਬੇ ਸਮੇਂ ਤੱਕ ਮਹਿਸੂਸ ਕੀਤੇ ਗਏ।” ਗਾਜ਼ੀਆਬਾਦ ਦੀ ਰਹਿਣ ਵਾਲੀ ਇੰਦਰਜੀਤ ਕੌਰ ਨੇ ਦੱਸਿਆ, “ਅਸੀਂ ਕਰੀਬ 30 ਸਕਿੰਟ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਅਤੇ ਅਸੀਂ ਆਪਣੇ ਘਰ ਤੋਂ ਬਾਹਰ ਆ ਗਏ।”
ਵੀਡੀਓ ਲਈ ਕਲਿੱਕ ਕਰੋ -: