ਲੁਧਿਆਣਾ ਦੇ ਜਗਰਾਓਂ ਵਿਖੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਸਕੂਲ ਵੈਨ ਤੇ ਸਰਕਾਰੀ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਤੇ ਇਸ ਹਾਦਸੇ ਵਿਚ ਕਈ ਬੱਚੇ ਜ਼ਖਮੀ ਹੋ ਗਏ ਹਨ। ਇਹ ਵੀ ਖਬਰ ਹੈ ਕਿ ਦੋ ਬੱਚੇ ਗੰਭੀਰ ਹਾਲਤ ਵਿਚ ਹਨ। ਜ਼ਖਮੀ ਬੱਚਿਆਂ ਨੂੰ ਜਗਰਾਓਂ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਖਬਰ ਹੈ ਕਿ ਸਰਕਾਰੀ ਬੱਸ ਤੇ ਸਕੂਲ ਵੈਨ ਤੇਜ ਰਫਤਾਰ ਵਿਚ ਸੀ। ਇਸ ਦੌਰਾਨ ਦੋਵੇਂ ਡਰਾਈਵਰਾਂ ਤੋਂ ਬੱਸ ਸੰਭਲੀ ਨਹੀਂ ਤੇ ਟੱਕਰ ਹੋ ਗਈ। ਹਾਦਸਾ ਸ਼ੇਰਪੁਰ ਚੌਕ ਨੇੜੇ ਸਿਟੀ ਪੈਲੇਸ ਦੇ ਸਾਹਮਣੇ ਵਾਪਰਿਆ ਹੈ। ਪੀਆਰਟੀਸੀ ਬੱਸ ਮੋਗਾ ਵੱਲੋਂ ਆ ਰਹੀ ਸੀ।
ਇਹ ਬੱਸ ਸੈਕਰਡ ਹਾਰਟ ਸਕੂਲ ਦੀ ਦੱਸੀ ਜਾ ਰਹੀ ਹੈ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਤੋਂ ਛੁੱਟੀ ਹੋਈ ਸੀ ਤੇ ਸਕੂਲ ਦੇ ਨਜ਼ਦੀਕ ਹੀ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਸੜਕ ਬਣ ਰਹੀ ਸੀ। ਇਸ ਕਾਰਨ ਸਾਰੇ ਵਾਹਨ ਇਕ ਲਾਈਨ ਵਿਚ ਚੱਲ ਰਹੇ ਸਨ। ਸਰਕਾਰੀ ਬੱਸ ਤੇਜ਼ ਰਫਤਾਰ ਵਿਚ ਸੀ। ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿਚ ਸਕੂਲ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਡਰਾਈਵਰ ਵੀ ਗੰਭੀਰ ਜ਼ਖਮੀ ਹੈ।
ਵਿਦਿਆਰਥੀਆਂ ਦੀ ਚੀਕ ਪੁਕਾਰ ਸੁਣ ਕੇ ਤੁਰੰਤ ਰਾਹਗੀਰਾਂ ਨੇ ਗੱਡੀਆਂ ਰੋਕ ਲਈਆਂ। ਲੋਕਾਂ ਨੇ ਜ਼ਖਮੀ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ। ਜੋ ਬੱਚੇ ਬੱਸ ਦੀਆਂ ਅੱਗੇ ਵਾਲੀਆਂ ਸੀਟਾਂ ‘ਤੇ ਬੈਠੇ ਸਨ ਉਨ੍ਹਾਂ ਨੂੰ ਜ਼ਿਆਦਾ ਸੱਟਾਂ ਵੱਜੀਆਂ। ਬੱਚਿਆਂ ਨੂੰ ਲੋਕਾਂ ਨੇ ਫਸਟ ਏਡ ਦਿੱਤੀ। ਇਸ ਦੇ ਬਾਅਦ ਐਂਬੂਲੈਂਸ ਬੁਲਾਈ ਗਈ ਪਰ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੇਖ ਲੋਕ ਖੁਦ ਹੀ ਬੱਚਿਆਂ ਤੇ ਡਰਾਈਵਰ ਨੂੰ ਨਿੱਜੀ ਗੱਡੀਆਂ ਵਿਚ ਵੱਖ-ਵੱਖ ਹਸਪਤਾਲਾਂ ਵਿਚ ਲੈ ਗਏ।
ਘਟਨਾ ਵਾਲੀ ਜਗ੍ਹਾ ‘ਤੇ ਜਗਰਾਓਂ ਦੀ ਪੁਲਿਸ ਵੀ ਪਹੁੰਚੀ। ਪੁਲਿਸ ਨੇ ਹਾਦਸੇ ਦੇ ਕਾਰਨ ਲੱਗੇ ਟ੍ਰੈਫਿਕ ਜਾਮ ਨੂੰ ਖੁੱਲ੍ਹਵਾਇਆ। ਬੱਸ ਚਾਲਕ ਨੂੰ ਪੁਲਿਸ ਨੇ ਫੜ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਗਰਾਓਂ ਵਿਚ ਵਾਪਰੇ ਸੜਕ ਹਾਦਸੇ ‘ਤੇ ਟਵੀਟ ਕਰਦਿਆਂ ਲਿਖਿਆ ਕਿ -‘ਜਗਰਾਓਂ ਵਿਚ ਹੋਏ ਸੜਕ ਹਾਦਸੇ ਬਾਰੇ ਜਾਣਕਾਰੀ ਮਿਲੀ। ਸਕਈ ਸਕੂਲੀ ਬੱਚਿਆਂ ਦੇ ਜ਼ਖਮੀ ਹੋਣ ਬਾਰੇ ਪਤਾ ਚੱਲਿਆ ਹੈ। ਮੈਂ ਪੁਲਿਸ ਪ੍ਰਸ਼ਾਸਨ ਦੇ ਸੰਪਰਕ ਵਿਚ ਹਾਂ। ਪ੍ਰਮਾਤਮਾ ਅੱਗੇ ਸਾਰੇ ਬੱਚਿਆਂ ਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ।’
ਵੀਡੀਓ ਲਈ ਕਲਿੱਕ ਕਰੋ -: