2820 New Corona Cases : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਮੁੜ ਵਧਣ ਲੱਗ ਗਿਆ ਹੈ। ਹਰ ਦਿਨ ਇਸ ਦੇ ਮਾਮਲੇ ਪਹਿਲਾਂ ਨਾਲੋਂ ਵਧ ਹੀ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਦੇ 2820 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਲੁਧਿਆਣਾ ’ਚ ਕੋਰੋਨਾ ਦਾ ਬਲਾਸਟ ਹੋਇਆ ਹੈ, ਜਿਥੇ ਸਭ ਤੋਂ 497 ਮਾਮਲੇ ਦਰਜ ਕੀਤੇ ਗਏ। ਉਥੇ ਹੀ ਅੱਜ ਕੋਰੋਨਾ ਨਾਲ 46 ਲੋਕਾਂ ਦੀ ਮੌਤ ਹੋਈ, ਜਦਕਿ ਅੱਜ 2141 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ।
ਅੱਜ ਜਾਰੀ ਅੰਕੜਿਆਂ ਮੁਤਾਬਕ ਅੱਜ ਕੋਰੋਨਾ ਕਰਕੇ ਅੰਮ੍ਰਿਤਸਰ ਵਿੱਚ ਤਿੰਨ, ਜਲੰਧਰ ਤੇ ਲੁਧਿਆਣਾ ਵਿੱਚ 5-5, ਰੋਪੜ ਵਿੱਚ ਦੋ, ਸ਼ਹੀਦ ਭਗਤ ਸਿੰਘ ਨਗਰ ਵਿੱਚ ਤਿੰਨ, ਤਰਨਤਾਰਨ ਵਿੱਚ ਚਾਰ ਤੇ ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਮੁਕਤਸਰ ਤੇ ਪਠਾਨਕੋਟ ਵਿੱਚ 1-1 ਮੌਤਾਂ ਹੋਈਆਂ। ਉਥੇ ਹੀ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 11 ਅਤੇ ਪਟਿਆਲਾ ’ਚ 8 ਲੋਕਾਂ ਨੇ ਕੋਰੋਨਾ ਕਰਕੇ ਦਮ ਤੋੜਿਆ।
ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ ਤੋਂ ਕੋਰੋਨਾ ਦੇ 228864 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 198972 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 23271 ਮਾਮਲੇ ਅਜੇ ਵੀ ਐਕਟਿਵ ਹਨ। ਹੁਣ ਤੱਕ ਸੂਬੇ ਵਿੱਚ ਕੋਰੋਨਾ ਨਾਲ 6621 ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਪੰਜਾਬ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦੇ ਚੱਲਦਿਆਂ ਹੁਣ ਹਫਤੇ ਦੇ ਸਾਰੇ 7 ਦਿਨ ਟੀਕਾਕਰਣ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਸੈਸ਼ਨ ਸਾਈਟਾਂ ਦੀ ਗਿਣਤੀ ਵਿਚ ਵਾਧਾ ਹੋਵੇਗਾ ਅਤੇ ਰਾਜ ਵਿਚ ਯੋਗ ਵਿਅਕਤੀ ਨੂੰ ਟੀਕਾ ਲਗਾਉਣ ਲਈ ਕਿਸੇ ਵੀ ਪਛਾਣ ਪ੍ਰਮਾਣ ਨੂੰ ਯੋਗ ਦਸਤਾਵੇਜ਼ ਮੰਨਿਆ ਜਾਵੇਗਾ। ਇਹ ਫੈਸਲਾ ਪਿਛਲੇ ਕਈ ਦਿਨਾਂ ਤੋਂ ਰਾਜ ਵਿਚ ਰੋਜ਼ਾਨਾ ਨਵੇਂ ਕੋਵਿਡ ਮਾਮਲਿਆਂ ਵਿਚ ਅਚਾਨਕ ਹੋਏ ਵਾਧੇ ਦੇ ਪ੍ਰਭਾਵਸ਼ਾਲੀ ਢੰਗ ਨੂੰ ਰੋਕਣ ਲਈ ਲਿਆ ਗਿਆ ਹੈ।