3 New Corona Cases from : ਕੋਰੋਨਾ ਨੇ ਸੂਬੇ ਵਿਚ ਕਹਿਰ ਮਚਾਇਆ ਹੋਇਆ ਹੈ। ਤਾਜ਼ਾ ਮਾਮਲਿਆਂ ਵਿਚ ਫਰੀਦਕੋਟ ਤੋਂ ਇਕ ਤੇ ਤਰਨਤਾਰਨ ਜ਼ਿਲੇ ਵਿਚ ਕੋਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਫਰੀਦਕੋਟ ਦੇ ਇਕ ਹਵਾਲਾਤੀ ਤੇ ਤਰਨਤਾਰਨ ਤੋਂ ਇਕ ਕੈਦੀ ਤੇ ਡਾਕਟਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਸਿਟੀ ਫਰੀਦਕੋਟ ’ਚ ਬੰਦ ਇਕ ਹਵਾਲਾਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ’ਤੇ ਉਕਤ ਮਰੀਜ਼ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਹਵਾਲਾਤੀ ਦੀ ਰਿਪੋਰਟ ਪਾਜ਼ੀਟਿਵ ਆਉਣ ’ਤੇ 18 ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ ਅਤੇ ਪੂਰੇ ਥਾਣੇ ਨੂੰ ਸੈਨੇਟਾਈਜ਼ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 15 ਜੂਨ ਨੂੰ ਉਕਤ ਵਿਅਕਤੀ ਜੋਕਿ ਇਕ ਟਰੱਕ ਡਰਾਈਵਰ ਹੈ, ਕੇਂਦਰੀ ਮਾਡਰਨ ਜੇਲ ਫਰੀਦਕੋਟ ’ਚ ਬੱਜਰੀ ਦਾ ਟਰੱਕ ਲਿਆਈ ਸੀ, ਜਿਸ ਕੋਲੋਂ ਤਲਾਸ਼ੀ ਲੈਣ ’ਤੇ 100 ਗ੍ਰਾਮ ਭੰਗ ਬਰਾਮਦ ਹੋਈ ਸੀ, ਜਿਸ ’ਤੇ ਜੇਲ ਅਧਿਕਾਰੀਆਂ ਵੱਲੋਂ ਉਸ ਨੂੰ ਥਾਣਾ ਸਿਟੀ ਫਰੀਦਕੋਟ ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਸ ਦੇ ਕੋਰੋਨਾ ਜਾਂਚ ਦੇ ਸੈਂਪਲ ਲੈ ਲਏ ਗਏ ਸਨ, ਜਿਸ ਦੀ ਰਿਪੋਰਟ ਅੱਜ ਕੋਰੋਨਾ ਪਾਜ਼ੀਟਿਵ ਆਈ ਹੈ।
ਉਧਰ ਤਰਨਤਾਰਨ ਜ਼ਿਲੇ ਵਿਚ ਸਾਹਮਣੇ ਆਏ ਦੋ ਨਵੇਂ ਮਾਮਲਿਆਂ ਵਿਚ ਸਬ-ਜੇਲ ਪੱਟੀ ਦੇ ਇਕ ਕੈਦੀ ਅਤੇ ਇਕ ਕਲੀਨਿਕ ਚਲਾਉਣ ਵਾਲੇ ਡਾਕਟਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਪਿੰਡ ਚੱਕ ਕਰੇ ਖਾਂ ਦਾ ਨਿਵਾਸੀ 51 ਸਾਲਾ ਬੀਏਐਮਐਸ ਡਾਕਟਰ, ਜੋਕਿ ਪਿੰਡ ਵਿਚ ਹੀ ਪ੍ਰੈਕਟਿਸ ਕਰਦਾ ਹੈ, ਦੇ ਪੰਜਾਬ ਪੁਲਿਸ ਮੁਲਾਜ਼ਮ ਭਰਾ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਉਸ ਦੇ ਪੂਰੇ ਪਰਿਵਾਰ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ ਉਕਤ ਡਾਕਟਰ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ’ਤੇ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਭੇਜ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਪੱਟੀ ਸਬ-ਜੇਲ ਦੇ ਇਕ ਕੈਦੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਉਸ ਨੂੰ ਅੰਮ੍ਰਿਤਸਰ ਵਿਖੇ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਤਰਨਤਾਰਨ ਜ਼ਿਲੇ ਵਿਚ ਹੁਣ ਐਕਟਿਵ ਕੇਸਾਂ ਦੀ ਗਿਣਤੀ 18 ਹੋ ਗਈ ਹੈ। ਇਸ ਤੋਂ ਇਲਾਵਾ ਕੱਲ੍ਹ ਤਿੰਨ ਵਿਅਕਤੀਆਂ ਨੂੰ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹਸਪਤਾਲੋਂ ਛੁੱਟੀ ਦੇ ਕੇ ਕੁਆਰੰਟਾਈਨ ਵਿਚ ਰਹਿਣ ਦੀ ਹਿਦਾਇਤ ਦੇ ਕੇ ਘਰ ਭੇਜ ਦਿੱਤਾ ਗਿਆ ਹੈ।