ਇਕ ਹੋਰ ਭਾਰਤੀ ਕੰਪਨੀ ‘ਤੇ ਘਟੀਆ ਦਵਾਈਆਂ ਬਣਾਉਣ ਦੇ ਦੋਸ਼ ਲੱਗ ਰਹੇ ਹਨ। ਗੁਜਰਾਤ ਦੀ ਕੰਪਨੀ ‘ਤੇ ਸ਼੍ਰੀਲੰਕਾ ‘ਚ ਘਟੀਆ ਕੁਆਲਿਟੀ ਦੀਆਂ ਆਈ ਡਰਾਪਸ ਦੀ ਸਪਲਾਈ ਕਰਨ ਦਾ ਦੋਸ਼ ਹੈ। ਸ੍ਰੀਲੰਕਾ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਕੀਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇੰਡੀਆਨਾ ਓਪਥੈਲਮਿਕਸ ਕੰਪਨੀ ਵੱਲੋਂ ਭੇਜੀਆਂ ਗਈਆਂ ਆਈ ਡਰਾਪਸ ਕਾਰਨ 30 ਤੋਂ ਵੱਧ ਲੋਕਾਂ ਦੀਆਂ ਅੱਖਾਂ ਵਿੱਚ ਇਨਫੈਕਸ਼ਨ ਹੋ ਗਿਆ ਹੈ।
ਇੰਡੀਆਨਾ ਓਪਥੈਲਮਿਕਸ ‘ਤੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਭਾਰਤ ਦੀ ਐਪੈਕਸ ਫਾਰਮਾਸਿਊਟੀਕਲ ਐਕਸਪੋਰਟ ਕੌਂਸਲ ਨੇ ਕੰਪਨੀ ਨੂੰ ਇਕ ਨੋਟਿਸ ਸੌਂਪਿਆ ਹੈ, ਜਿਸ ‘ਚ ਕੰਪਨੀ ਨੂੰ ਦੋ ਦਿਨਾਂ ‘ਚ ਅੰਦਰੂਨੀ ਜਾਂਚ ‘ਤੇ ਮਾਮਲੇ ‘ਤੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।
ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਫਾਰਮੈਕਸਿਲ ਨਾਂ ਦੀ ਇੱਕ ਏਜੰਸੀ ਨੇ ਵੀਰਵਾਰ ਨੂੰ ਇੰਡੀਆਨਾ ਓਫਥੈਲਮਿਕਸ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਦੂਜੇ ਪਾਸੇ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਵੀ ਕੰਪਨੀ ਵੱਲੋਂ ਤਿਆਰ ਕੀਤੇ ਗਏ ਮੈਥਾਈਲਪ੍ਰੇਡਨੀਸੋਲੋਨ ਆਈ ਡਰਾਪ ਦੀ ਕੁਆਲਿਟੀ ਸਬੰਧੀ ਉਠਾਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਾਰਮੇਕਸਿਲ ਦੇ ਡਾਇਰੈਕਟਰ ਜਨਰਲ ਉਦੈ ਭਾਸਕਰ ਨੇ ਇੱਕ ਬਿਆਨ ਵਿੱਚ ਕਿਹਾ, “ਤੁਹਾਡੀ ਕੰਪਨੀ ਵੱਲੋਂ ਘਟੀਆ ਆਈਡ੍ਰਾਪਸ ਦੀ ਕਥਿਤ ਸਪਲਾਈ ਨੇ ਭਾਰਤੀ ਫਾਰਮਾ ਉਦਯੋਗ ਦੀ ਅਕਸ ਨੂੰ ਖਰਾਬ ਕੀਤਾ ਹੈ ਅਤੇ ਭਾਰਤੀ ਕੰਪਨੀਆਂ ਦੇ ਨਿਰਯਾਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।”
ਦੂਜੇ ਪਾਸੇ ਗੁਜਰਾਤ ਸਥਿਤ ਕੰਪਨੀ ਨੇ ਬਾਹਰ ਭੇਜੀਆਂ ਜਾ ਰਹੀਆਂ ਆਈ ਡਰਾਪਸ ਵਿੱਚ ਕਿਸੇ ਵੀ ਕੁਆਲਿਟੀ ਦੇ ਮੁੱਦੇ ਤੋਂ ਇਨਕਾਰ ਕੀਤਾ ਹੈ। ਹਾਲਾਂਕਿ, ਪਿਛਲੇ ਇੱਕ ਸਾਲ ਵਿੱਚ ਇਹ ਚੌਥੀ ਅਜਿਹੀ ਘਟਨਾ ਹੈ ਜਦੋਂ ਭਾਰਤ ਵਿੱਚ ਬਣੀਆਂ ਦਵਾਈਆਂ ਨੂੰ ਕਿਸੇ ਹੋਰ ਦੇਸ਼ ਵਿੱਚ ਘਟੀਆ ਕੁਆਲਿਟੀ ਵਾਲੀਆਂ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ : ‘ਅਜ਼ਾਦੀ ਤੋਂ ਬਾਅਦ ਮਾਣਹਾਨੀ ਮਾਮਲੇ ‘ਚ ਸਭ ਤੋਂ ਵੱਡੀ ਸਜ਼ਾ ਮੈਨੂੰ ਮਿਲੀ’- ਵਾਸ਼ਿੰਗਟਨ ‘ਚ ਬੋਲੇ ਰਾਹੁਲ
ਇਸ ਸਾਲ ਅਪ੍ਰੈਲ ‘ਚ ਅਮਰੀਕਾ ‘ਚ 3 ਮੌਤਾਂ ਅਤੇ ਅੰਨ੍ਹੇਪਣ ਲਈ ਚੇਨਈ ਸਥਿਤ ਇਕ ਫਾਰਮਾਸਿਊਟੀਕਲ ਫਰਮ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਹਾਲਾਂਕਿ, ਅਜਿਹੇ ਦੋਸ਼ ਲੱਗਣ ਤੋਂ ਬਾਅਦ, ਗਲੋਬਲ ਫਾਰਮਾ ਹੈਲਥਕੇਅਰ ਨਾਂ ਦੀ ਇੱਕ ਫਰਮ ਵੱਲੋਂ ਬਣਾਈਆਂ ਗਈਆਂ ਅੱਖਾਂ ਦੀਆਂ ਬੂੰਦਾਂ ਦੇ ਸੈਂਪਲਾਂ ਦੀ ਤਮਿਲਨਾਡੂ ਦੇ ਡਰੱਗ ਕੰਟਰੋਲਰ ਅਤੇ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਵੱਲੋਂ ਜਾਂਚ ਕੀਤੀ ਗਈ ਅਤੇ ਨਤੀਜਾ ਕੰਪਨੀ ਦੇ ਹੱਕ ਵਿੱਚ ਆਇਆ।
ਦੂਜੇ ਪਾਸੇ ਸਿਹਤ ਮੰਤਰਾਲੇ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਇੱਕ ਨਿਊਜ਼ ਚੈਨਲ ਦਾ ਕਹਿਣਾ ਹੈ ਕਿ ਦਵਾਈ ਬਣਾਉਣ ਵਾਲੀ ਕੰਪਨੀ ਨੂੰ ਆਈ ਡਰਾਪ ਦਾ ਉਤਪਾਦਨ ਬੰਦ ਕਰਨ ਲਈ ਕਿਹਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: