3459 Corona Cases : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਮੁੜ ਵਧਣ ਲੱਗ ਗਿਆ ਹੈ। ਹਰ ਦਿਨ ਇਸ ਦੇ ਮਾਮਲੇ ਪਹਿਲਾਂ ਨਾਲੋਂ ਵਧ ਹੀ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਦੇ 3459 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਮੋਹਾਲੀ ਜ਼ਿਲ੍ਹੇ ਵਿੱਚ ਕੋਰੋਨਾ ਦਾ ਧਮਾਕਾ ਹੋਇਆ ਹੈ, ਜਿਥੇ 629 ਪਾਜ਼ੀਟਿਵ ਮਾਮਲੇ ਦਰਜ ਕੀਤੇ ਗਏ ਹਨ। ਉਥੇ ਹੀ ਅੱਜ ਕੋਰੋਨਾ ਨਾਲ 56 ਲੋਕਾਂ ਦੀ ਮੌਤ ਹੋਈ। ਰਾਹਤ ਵਾਲੀ ਗੱਲ ਇਹ ਰਹੀ ਕਿ ਅੱਜ 2518 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ।
ਅੱਜ ਜਾਰੀ ਅੰਕੜਿਆਂ ਮੁਤਾਬਕ ਅੱਜ ਕੋਰੋਨਾ ਕਰਕੇ ਬਠਿੰਡਾ ਤੋਂ 2, ਫਰੀਦਕੋਟ ਤੋਂ ਦੋ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ ਤੋਂ 1-1, ਗੁਰਦਾਸਪੁਰ ਤੋਂ 4, ਹੁਸ਼ਿਆਰਪੁਰ ਤੋਂ 6, ਜਲੰਧਰ ਤੋਂ 4, ਕਪੂਰਥਲਾ ਤੋਂ 3, ਲੁਧਿਆਣਾ ਤੋਂ 4, ਮੋਹਾਲੀ ਤੋਂ 4, ਮੁਕਤਸਰ ਤੋਂ 1, ਪਟਿਆਲਾ ਤੋਂ 6, ਰੋਪੜ ਤੋਂ 3, ਸੰਗਰੂਰ ਤੋਂ 1, ਨਵਾਂਸ਼ਹਿਰ ਤੋਂ 2 ਤੇ ਤਰਨਤਾਰਨ ਤੋਂ ਵੀ 2 ਮਰੀਜ਼ਾਂ ਨੇ ਜਾਨ ਗੁਆਈ। ਸਭ ਤੋਂ ਵੱਧ ਮੌਤਾਂ ਅੰਮ੍ਰਿਤਸਰ ਵਿੱਚ ਹੋਈਆਂ ਜਿਥੇ 9 ਮਰੀਜ਼ਾਂ ਨੇ ਦਮ ਤੋੜਿਆ।
ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ ਤੋਂ ਕੋਰੋਨਾ ਦੇ 266494 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 231885 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 27219 ਮਾਮਲੇ ਅਜੇ ਵੀ ਐਕਟਿਵ ਹਨ। ਹੁਣ ਤੱਕ ਸੂਬੇ ਵਿੱਚ ਕੋਰੋਨਾ ਨਾਲ 7390 ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।