4 cases of Covid-19 : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਵਿਚ ਕਰਫਿਊ ਨੂੰ ਤਾਂ ਖਤਮ ਕਰ ਦਿੱਤਾ ਗਿਆ ਹੈ ਪਰ ਲੌਕਡਾਊਨ ਵਿਚ ਢਿੱਲ ਹੋਣ ਕਾਰਨ ਕੋਰੋਨਾ ਦੇ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਇਸ ਦਾ ਨਤੀਜਾ ਹੈ ਕਿ ਬਠਿੰਡਾ ਵਿਚ ਅੱਜ ਦੁਬਾਰਾ 4 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 1 ਮਰੀਜ਼ ਭਗਤਾ ਭਾਈ ਦਾ ਰਹਿਣ ਵਾਲਾ ਹੈ ਤੇ 3 ਹੋਰ ਮਰੀਜ਼ ਰਾਮਪੁਰਾ ਫੂਲ ਦੇ ਰਹਿਣ ਵਾਲੇ ਹਨ। ਬਠਿੰਡਾ ਵਿਚ ਹੁਣ ਤਕ ਕੋਰੋਨਾ ਦੇ ਕੁੱਲ 44 ਪਾਜੀਟਿਵ ਕੇਸ ਸਨ ਪਰ ਇਹ ਸਾਰੇ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ. ਸ਼੍ਰੀ ਨਿਵਾਸਨ ਨੇ ਦਿੱਤੀ।
ਪੂਰੇ ਵਿਸ਼ਵ ਵਿਚ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ। ਹਰ ਕੋਈ ਇਸ ਵਾਇਰਸ ਤੋਂ ਬਚਾਅ ਲਈ ਵੈਕਸੀਨ ਲੱਭਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹੈ ਤੇ ਅਕਤੂਬਰ ਤਕ ਇਸ ਦੇ ਆਉਣ ਦੀ ਪੂਰੀ ਉਮੀਦ ਹੈ। ਜਦੋਂ ਤਕ ਵੈਕਸੀਨ ਨਹੀਂ ਬਣਦਾ ਉਦੋਂ ਤਕ ਇਸ ਵਾਇਰਸ ਤੋਂ ਬਚਾਅ ਸਿਰਫ ਮਾਸਕ ਰਾਹੀਂ ਹੀ ਕੀਤਾ ਜਾ ਸਕਦਾ ਹੈ। ਹੁਣ ਤਕ ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਦੇ ਲਗਭਗ 5861377 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਸ ਨਾਲ 3,60,085 ਮੌਤਾਂ ਹੋ ਚੁੱਕੀਆਂ ਹਨ ਤੇ 25,66,749 ਲੋਕ ਠੀਕ ਵੀ ਹੋ ਚੁੱਕੇ ਹਨ। ਭਾਰਤ ਵਿਚ ਹੁਣ ਤਕ ਕੋਰੋਨਾ ਮਰੀਜ਼ਾਂ ਦੀ ਗਿਣਤੀ 1,65,386 ਤਕ ਪੁੱਜ ਗਈ ਹੈ ਤੇ ਇਸ ਨਾਲ ਦੇਸ਼ ਵਿਚ 4711 ਤੋਂ ਵਧ ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿਚ 2158 ਮਾਮਲੇ ਕੋਰੋਨਾ ਪਾਜੀਟਿਵ ਦੇ ਸਾਹਮਣੇ ਆਏ ਹਨ ਤੇ 42 ਲੋਕਾਂ ਦੀ ਮੌਤ ਇਸ ਵਾਇਰਸ ਨਾਲ ਹੋ ਚੁੱਕੀ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੇਸ ਵਧਣ ਦਾ ਵੱਡਾ ਕਾਰਨ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕ ਹਨ। ਭਾਵੇਂ ਮੁੱਖ ਮੰਤਰੀ ਦੇ ਨਿਰਦੇਸ਼ ਅਨੁਸਾਰ ਸਾਰਿਆਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਕੇਸਾਂ ਦੀ ਗਿਣਤੀ ਵਧਣਾ ਚਿੰਤਾਜਨਕ ਹੈ ਤੇ ਲੋਕਾਂ ਵਿਚ ਕੋਰੋਨਾ ਨੂੰ ਲੈ ਕੇ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ।