4 Migrants corona positive : ਜ਼ਿਲਾ ਕਪੂਰਥਲਾ ਦੇ ਬਲਾਕ ਫਗਵਾੜਾ ਤੋਂ ਕੋਰੋਨਾ ਵਾਇਰਸ ਦੇ ਚਾਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਥੇ ਬਲਾਕ ਦੇ ਪਿੰਡ ਮਾਈਓਪੱਟੀ ਵਿਖੇ ਜੋਨਾ ਲਗਾਉਣ ਲਈ ਆਏ ਚਾਰ ਮਜ਼ਦੂਰਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ 2 ਜੂਨ ਨੂੰ 6 ਵਿਅਕਤੀ ਮੁਰਾਦਾਬਾਦ ਤੋਂ ਇਥੇ ਝੋਨਾ ਲਗਾਉਣ ਲਈ ਆਏ ਸਨ। ਇਨ੍ਹਾਂ ਦੇ ਪੰਜਾਬ ਆਉਣ ਦੀ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਵੱਲੋਂ ਇਨ੍ਹਾਂ ਨੂੰ ਘਰ ਵਿਚ ਹੀ ਕੁਆਰੰਟਾਈਨ ਕਰ ਦਿੱਤਾ ਗਿਆ ਸੀ, ਜਿਨ੍ਹਾਂ ਵਿਚੋਂ ਅੱਜ ਚਾਰ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ ਦੋ ਮਜ਼ਦੂਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਨ੍ਹਾਂ ਪਾਜ਼ੀਟਿਵ ਆਏ ਮਰੀਜ਼ਾਂ ਵਿਚ ਇਕ 33 ਸਾਲਾ ਔਰਤ, 40 ਸਾਲਾ ਵਿਅਕਤੀ, 20 ਸਾਲਾ ਵਿਅਕਤੀ ਤੇ 15 ਸਾਲਾ ਅੱਲ੍ਹੜ ਸ਼ਾਮਲ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮਜ਼ਦੂਰਾਂ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਸੈਂਟਰ ਵਿਚ ਭੇਜਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੇ ਦੋ ਹੋਰ ਸਾਥੀ ਜਿਹੜੇ ਨੈਗੇਟਿਵ ਆਏ ਹਨ, ਉਨ੍ਹਾਂ ਨੂੰ ਵੀ 14 ਦਿਨ ਤੱਕ ਇਕਾਂਤਵਾਸ ਵਿਚ ਰਖਿਆ ਜਾਵੇਗਾ। ਹੁਣ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਮਿਲਣ ਨਾਲ ਕਪੂਰਥਲਾ ਜ਼ਿਲੇ ਵਿਚ ਹੁਣ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 44 ਹੋ ਗਈ ਹੈ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਮਰੀਜ਼ ਸੂਬੇ ਵਿਚ ਲਗਾਤਾਰ ਵਧਦੇ ਹੀ ਜਾ ਰਹੇ ਹਨ। ਹੁਣ ਤੱਕ ਪੰਜਾਬ ਵਿਚ ਕੁਲ ਪੀੜਤਾਂ ਦੀ ਗਿਣਤੀ 2600 ਤੋਂ ਵੀ ਪਾਰ ਹੋਗਈ ਹੈ, ਜਦਕਿ 50 ਲੋਕਾਂ ਦੀ ਇਸ ਖਤਰਨਾਕ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਇਥੇ ਰਾਹਤ ਵਾਲੀ ਗੱਲ ਇਹ ਹੈ ਕਿ ਸੂਬੇ ਵਿਚੋਂ 2130 ਮਰੀਜ਼ ਕੋਰੋਨਾ ਤੋਂ ਜੰਗ ਫਤਿਹ ਕਰਕੇ ਘਰਾਂ ਵਿਚ ਪਰਤ ਚੁੱਕੇ ਹਨ ਪਰ ਫਿਰ ਵੀ ਅਜੇ 423 ਤੋਂ ਵੱਧ ਮਾਮਲੇ ਐਕਟਿਵ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।