41st death due to corona : ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਸੂਬੇ ਦੇ ਅੰਮ੍ਰਿਤਸਰ ਜ਼ਿਲੇ ਵਿਚ ਕੋਰੋਨਾ ਵਾਇਰਸ ਨੇ ਇਕ ਹੋਰ ਜਾਨ ਲੈ ਲਈ ਹੈ। ਇਥੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਕੋਰੋਨਾ ਪਾਜ਼ੀਟਿਵ ਇਕ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਕਤ ਔਰਤ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਸੀ। ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 41 ਹੋ ਗਈ ਹੈ, ਜਦਕਿ ਜ਼ਿਲੇ ਵਿਚ ਹੁਣ ਤੱਕ ਇਸ ਖਤਰਨਾਕ ਵਾਇਰਸ ਨਾਲ ਹੋਣ ਵਾਲੀ ਇਹ 7ਵੀਂ ਮੌਤ ਹੈ।
ਇਥੇ ਦੱਸ ਦੇਈਏ ਕਿ ਬੀਤੇ ਸ਼ਨੀਵਾਰ ਵੀ ਜ਼ਿਲੇ ਵਿਚ ਕੋਰੋਨਾ ਵਾਇਰਸ ਕਾਰਨ ਇਕ 60 ਸਾਲਾ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਤੱਕ ਜ਼ਿਲੇ ਵਿਚੋਂ 355 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਥੇ ਦੱਸ ਦੇਈਏ ਕਿ ਕਲ੍ਹ ਬੀਤੇ ਦਿਨ ਜ਼ਿਲੇ ਵਿਚ ਕੋਰੋਨਾ ਵਾਇਰਸ ਇਕੱਠੇ 18 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ 12 ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ ਵਾਲੇ ਸਨ, ਜਦਕਿ 2 ਵੱਖ-ਵੱਖ ਅਬਾਦੀਆਂ ਤੋਂ ਆਏ ਸਨ। ਹੁਣ ਤੱਕ ਕੋਰੋਨਾ ਵਾਇਰਸ ਤੋਂ ਠੀਕ ਹੋ ਕੇ 301 ਮਰੀਜ਼ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 48 ਮਰੀਜ਼ਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ‘ਚ ਕੋਰੋਨਾ ਦੇ ਕੇਸ ਮੁੜ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚ 33 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਅੰਮ੍ਰਿਤਸਰ ਵਿਚ 48, ਜਲੰਧਰ ਵਿਚ 28, ਲੁਧਿਆਣਾ ਵਿਚ 34, ਤਰਨਤਾਰਨ ਵਿਚ 4, ਗੁਰਦਾਸਪੁਰ ਵਿਚ 8, ਹੁਸ਼ਿਾਰਪੁਰ ਵਿਚ 17, ਪਟਿਆਲਾ ਵਿਚ 12 ਤੇ ਨਵਾਂਸ਼ਹਿਰ ਵਿਚ 4 ਐਕਟਿਵ ਮਾਮਲੇ ਹਨ। ਜਦਿਕ ਪੂਰੇ ਪੰਜਾਬ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 183 ਹੈ।