44 women prisoners : ਕੋਰੋਨਾ ਦਾ ਕਹਿਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀ ਪਹੁੰਚ ਰਿਹਾ ਹੈ। ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਕੁਲ 44 ਮਹਿਲਾ ਕੈਦੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ, ਜਿਸ ਨਾਲ ਜੇਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਦਰਅਸਲ, ਬੀਤੇ ਦਿਨੀਂ ਇਕ ਮਹਿਲਾ ਕੈਦੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸੈਂਪਲ ਲਏ ਗਏ ਸਨ ਤਾਂ ਕੱਲ ਤੱਕ ਕੁਲ 44 ਮਹਿਲਾ ਕੈਦੀਆਂ ਦੇ ਸਕਾਰਾਤਮਕ ਹੋਣ ਦੀ ਖਬਰ ਮਿਲੀ ਹੈ।
ਇਨ੍ਹਾਂ ਕੈਦੀਆਂ ਨੂੰ ਮਾਲੇਰਕੋਟਲਾ ਦੀ ਅਸਥਾਈ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜੋ ਕੋਵਿਡ -19 ਕਾਰਨ ਬਣਾਈ ਗਈ ਸੀ। ਇੱਥੇ ਵੱਡੀ ਗੱਲ ਇਹ ਹੈ ਕਿ ਇੱਕ ਮਹਿਲਾ ਕੈਦੀ ਦੇ ਨਾਲ ਰਹਿ ਰਹੀ ਉਸ ਦੀ 6 ਮਹੀਨੇ ਦੀ ਇਕ ਬੱਚੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਪੂਰੀ ਜਾਣਕਾਰੀ ਅਨੁਸਾਰ ਇਸ ਜੇਲ੍ਹ ਵਿੱਚ ਤਕਰੀਬਨ 700 ਕੈਦੀ ਬੰਦ ਹਨ, ਜਿਨ੍ਹਾਂ ਵਿੱਚ 95 ਮਹਿਲਾ ਕੈਦੀ ਹਨ। ਪਾਜ਼ੀਟਿਵ ਆਏ ਕੈਦੀਆਂ ਦੀ ਤਬਦੀਲੀ ਤੋਂ ਬਾਅਦ ਹੁਣ 51 ਮਹਿਲਾ ਕੈਦੀ ਜੇਲ੍ਹ ਵਿੱਚ ਬੰਦ ਹਨ।
ਇਸ ਤੋਂ ਇਲਾਵਾ ਇਥੇ ਇਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ ਤੋਂ ਬਾਅਦ ਕੋਵਿਡ -19 ਪੈਰੋਲ ‘ਤੇ ਕੈਦੀਆਂ ਨੂੰ ਵਾਪਸ ਬੁਲਾਉਣ ਦੀ ਮੰਗ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਕੋਰੋਨਾ ਦੇ ਕੇਸ ਦਿਨੋ-ਦਿਨ ਵੱਧ ਰਹੇ ਹਨ ਜਿਸ ਕਾਰਨ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਅੱਜ ਫਿਰ ਤੋਂ ਪੰਜਾਬ ‘ਚ ਕੋਵਿਡ-19 ਦੇ 2914 ਪਾਜੀਟਿਵ ਕੇਸ ਸਾਹਮਣੇ ਆਏ ਹਨ ਤੇ 59 ਮੌਤਾਂ ਕੋਰੋਨਾ ਕਾਰਨ ਹੋਈਆਂ। ਹੁਣ ਤੱਕ 2,34,602 ਪਾਜੀਟਿਵ ਕੇਸ ਹੋ ਚੁੱਕੇ ਹਨ ਹਨ ਪਰ ਰਾਹਤ ਭਰੀ ਗੱਲ ਇਹ ਵੀ ਹੈ ਕਿ 2,03,710 ਮਰੀਜ਼ ਕੋਰੋਨਾ ਖਿਲਾਫ ਆਪਣੀ ਜੰਗ ਨੂੰ ਜਿੱਤ ਵੀ ਚੁੱਕੇ ਹਨ।