5 members of Hindu family : ਗੁਆਂਢੀ ਦੇਸ਼ ਪਾਕਿਸਤਾਨ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਸਬੰਧਤ ਇਕ ਪਰਿਵਾਰ ਦੇ ਪੰਜ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਹੈ। ਸਾਰੇ ਪਰਿਵਾਰਕ ਮੈਂਬਰਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਘੱਟ ਗਿਣਤੀ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਇਕ ਵਾਰ ਫਿਰ ਦਹਿਸ਼ਤ ਵਿਚ ਹਨ।
ਇੱਕ ਨਿਊਜ਼ ਏਜੰਸੀ ਮੁਤਾਬਕ ਇਹ ਘਟਨਾ ਰਹੀਮ ਯਾਰ ਖ਼ਾਨ ਸ਼ਹਿਰ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਚੱਕ ਨੰਬਰ 135-ਪੀ, ਅਬੂ ਧਾਬੀ ਕਾਲੋਨੀ ਦੀ ਹੈ। ਤੇਜ਼ਧਾਰ ਹਥਿਆਰ ਨਾਲ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਗਲਾ ਰੇਤਿਆ ਗਿਆ ਹੈ। ਪੁਲਿਸ ਨੇ ਇਸ ਘਰ ਤੋਂ ਇੱਕ ਚਾਕੂ ਅਤੇ ਕੁਹਾੜਾ ਬਰਾਮਦ ਕੀਤਾ ਹੈ। ਮੰਨਿਆ ਜਾਂਦਾ ਹੈ ਕਿ ਹਮਲਾ ਇਨ੍ਹਾਂ ਹਥਿਆਰਾਂ ਨਾਲ ਕੀਤਾ ਗਿਆ ਹੈ। ਰਹੀਮ ਯਾਰ ਖਾਨ ਵਿਚ ਸਮਾਜ ਸੇਵਕ ਬੀਰਬਲ ਦਾਸ ਨੇ ਦੱਸਿਆ ਕਿ ਮਾਰਿਆ ਗਿਆ ਰਾਮ ਚੰਦ ਮੇਘਵਾਲ ਇਕ ਹਿੰਦੂ ਸੀ ਅਤੇ ਉਸਦੀ ਉਮਰ 35-36 ਸਾਲ ਸੀ। ਉਹ ਲੰਬੇ ਸਮੇਂ ਤੋਂ ਟੇਲਰ ਦੀ ਦੁਕਾਨ ਚਲਾ ਰਿਹਾ ਸੀ। ਉਹ ਬਹੁਤ ਸ਼ਾਂਤੀ-ਪਸੰਦ ਵਿਅਕਤੀ ਸੀ ਅਤੇ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਸੀ। ਇਸ ਘਟਨਾ ਨਾਲ ਸਾਰਿਆਂ ਨੂੰ ਹੈਰਾਨਗੀ ਵੀ ਹੋ ਰਹੀ ਹੈ।
ਇਕ ਹਿੰਦੂ ਪਰਿਵਾਰ ਦੀ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜਦਾਰ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੇ ਆਦੇਸ਼ ਦਿੱਤੇ ਹਨ। ਹਾਲਾਂਕਿ, ਪਾਕਿਸਤਾਨ ਵਿਚ ਹਿੰਦੂ ਅਤੇ ਸਿੱਖ ਭਾਈਚਾਰੇ ‘ਤੇ ਹਮਲੇ ਆਮ ਹਨ। ਘੱਟਗਿਣਤੀ ਭਾਈਚਾਰਿਆਂ ਦੀਆਂ ਕੁੜੀਆਂ ਅਕਸਰ ਅਗਵਾ ਕੀਤੀਆਂ ਜਾਂਦੀਆਂ ਹਨ ਅਤੇ ਧਰਮ ਬਦਲਣ ਅਤੇ ਵਿਆਹ ਕਰਨ ਲਈ ਮਜਬੂਰ ਕੀਤੀਆਂ ਜਾਂਦੀਆਂ ਹਨ। ਪਿਛਲੇ ਮਹੀਨੇ ਸਿੰਧ ਪ੍ਰਾਂਤ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਇੱਕ ਹਿੰਦੂ ਲੜਕੀ ਨੂੰ ਅਗਵਾ ਕਰ ਲਿਆ, ਉਸਨੂੰ ਇਸਲਾਮ ਧਰਮ ਕਬੂਲਣ ਲਈ ਮਜਬੂਰ ਕੀਤਾ ਅਤੇ ਫਿਰ ਉਸ ਨਾਲ ਵਿਆਹ ਕਰਵਾ ਲਿਆ।