5 youths arrested : ਮੋਗਾ-ਜਲੰਧਰ ਹਾਈਵੇ ‘ਤੇ ਧਰਮਕੋਟ ਦੇ ਪਿੰਡ ਜਲਾਲਾਬਾਦ ਦੇ ਪਿੰਡ ਸ਼ਨੀਵਾਰ ਰਾਤ ਨਾਕੇ ‘ਤੇ ਨੌਜਵਾਨਾਂ ਤੇ ਪੁਲਿਸ ਵਿਚਾਲੇ ਝਗੜੇ ਦੌਰਾਨ ਪੁਲਿਸ ਦੀ ਏ. ਕੇ. 47 ਲੈ ਕੇ ਫਰਾਰ ਹੋਏ 5 ਨੌਜਵਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਏ.ਕੇ.-47 ਅਸਾਲਟ ਰਾਈਫਲਾਂ ਸਮੇਤ 315 ਬੋਰ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਥੇ ਤੁਹਾਨੂੰ ਦੱਸਣਯੋਗ ਹੈ ਕਿ 5 ਦਸੰਬਰ ਨੂੰ ਰਾਤ ਲਗਭਗ 11:30 ਵਜੇ ਐਸਆਈ ਮੇਜਰ ਸਿੰਘ ਤੇ PHG ਜਵਾਨ ਸੁਖਵਿੰਦਰ ਸਿੰਘ ਧਰਮਕੋਟ ਦੇ ਪਿੰਡ ਜਲਾਲਾਬਾਦ ਵਿਖੇ ਇੱਕ ਰੈੱਡ ਕਾਲ ਵਿੱਚ ਸ਼ਾਮਲ ਹੋਣ ਲਈ ਗਏ ਸਨ। ਵਾਪਸ ਪਰਤਦਿਆਂ ਉਨ੍ਹਾਂ ਨੇ 4/5 ਅਣਪਛਾਤੇ ਵਿਅਕਤੀਆਂ ਨੂੰ ਦੇਖਿਆ, ਜਿਨ੍ਹਾਂ ਵਿਚੋਂ ਇਕ ਨੇ ਆਰਮੀ ਦੀ ਵਰਦੀ ਪਾਈ ਹੋਈ ਸੀ, ਜਿਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਪੁਲਿਸ ਪਾਰਟੀ ਨਾਲ ਝਗੜਾ ਕਰਨ ਲੱਗ ਗਏ ਅਤੇ ਮੁਲਾਜ਼ਮਾਂ ‘ਤੇ ਇੱਟਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤੇ। ਦੋਸ਼ੀ ਨਸ਼ੇ ਦੀ ਹਾਲਤ ਵਿੱਚ ਲੱਗ ਰਹੇ ਸਨ। ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਮੋਗਾ ਦੇ ਸਿਵਲ ਹਸਪਤਾਲ ‘ਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉੁਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਸੀ।
ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਧਰਮਕੋਟ ਦੇ ਭਿੰਡਰ ਰੋਡ ਸਥਿਤ ਪਿੰਡ ਨੂੰ ਸੀਲ ਕਰਕੇ ਵੱਡੀ ਗਿਣਤੀ ‘ਚ ਪੁਲਿਸ ਵੱਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਹਮਲਾਵਰ ਪੁਲਿਸ ਪਾਰਟੀ ਦੇ ਏਕੇ-47 ਹਥਿਆਰ ਲੈ ਕੇ ਭੱਜ ਗਏ ਸਨ ਪਰ ਇਸ ਦੀ ਮੈਗਜ਼ੀਨ ਆਪਣੇ ਪਿੱਛੇ ਛੱਡ ਗਏ। ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਮੁਲਾਜ਼ਮਾਂ ਕੋਲੋਂ ਖੋਹਿਆ ਗਿਆ ਏਕੇ 47 ਹਥਿਆਰ ਬਰਾਮਦ ਕਰ ਲਿਆ ਗਿਆ ਹੈ।