56 inmates tested positive : ਕੋਰੋਨਾ ਕਾਲ ਵਿੱਚ ਸਪੈਸ਼ਲ ਜੇਲ੍ਹ ਵਜੋਂ ਬਣਾਈ ਗਈ ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਉਥੋਂ ਇਕੱਠੇ 56 ਹਵਾਲਾਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ। ਉਨ੍ਹਾਂ ਨੂੰ ਕੋਵਿਡ ਕੇਅਰ ਸੈਂਟਰ (ਲੁਧਿਆਣਾ ਜੇਲ) ਤਬਦੀਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਨਵੇਂ ਕੈਦੀ ਨੂੰ ਪਹਿਲਾਂ ਵਿਸ਼ੇਸ਼ ਜੇਲ੍ਹ ਭੇਜਿਆ ਜਾਂਦਾ ਹੈ। ਉਥੇ ਸਕ੍ਰੀਨਿੰਗ ਤੋਂ ਬਾਅਦ 15 ਦਿਨ ਕੁਆਰੰਟਾਈਨ ਕੀਤਾ ਜਾਂਦਾ ਹੈ।
ਮਰਦ ਕੈਦੀਆਂ ਨੂੰ ਲਾਗ ਲੱਗਣ ‘ਤੇ ਲੁਧਿਆਣਾ ਦੇ ਕੋਵਿਡ ਕੇਅਰ ਸੈਂਟਰ ਭੇਜਿਆ ਜਾਂਦਾ ਹੈ। ਪਾਜ਼ੀਟਿਵ ਮਹਿਲਾ ਕੈਦੀਆਂ ਨੂੰ ਸਿਵਲ ਹਸਪਤਾਲ ਦੇ ਕੋਵਿਡ ਕੇਅਰ ਸੈਂਟਰ ਵਿੱਚ ਰੱਖਿਆ ਜਾਂਦਾ ਹੈ। ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰਡੈਂਟ ਬਲਕਾਰ ਸਿੰਘ ਭੁੱਲਰ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ ਸਿਰਫ ਕੁਆਰੰਟੀਨ ਹੀ ਕੀਤਾ ਜਾਂਦਾ ਹੈ। ਕੈਦੀ ਇੱਥੇ ਨਹੀਂ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਜ਼ੇਲ੍ਹ ਬਣਨ ਕਾਰਨ ਇਸ ਜ਼ੋਨ ਅਧੀਨ ਪੈਂਦੇ ਪਠਾਨਕੋਟ, ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਦਿਹਾਤੀ, ਅੰਮ੍ਰਿਤਸਰ ਸਿਟੀ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਜਲੰਧਰ ਦਿਹਾਤ ਦੇ ਹਵਾਲਾਤੀ ਇਥੇ ਲਿਆਏ ਜਾਂਦੇ ਹਨ। 10 ਦਿਨਾਂ ਬਾਅਦ ਟੈਸਟ ਕੀਤੇ ਜਾਂਦੇ ਹਨ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਕੋਰੋਨਾ ਹੁਣ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਇਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਤਾਂ ਪੰਜਾਬ ਹਰ ਦਿਨ ਇਸ ਦੇ ਮਾਮਲੇ ਪਹਿਲਾਂ ਨਾਲੋਂ ਵਧ ਹੀ ਸਾਹਮਣੇ ਆ ਰਹੇ ਹਨ। ਅੱਜ ਤਾਂ ਇਹ ਚਾਰ ਹਜ਼ਾਰ ਦਾ ਅੰਕੜਾ ਵੀ ਪਾਰ ਕਰ ਗਿਆ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਦੇ 4333 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਮੋਹਾਲੀ ਜ਼ਿਲ੍ਹੇ ਵਿੱਚ ਕੋਰੋਨਾ ਦਾ ਧਮਾਕਾ ਹੋਇਆ ਹੈ, ਜਿਥੇ 860 ਪਾਜ਼ੀਟਿਵ ਮਾਮਲੇ ਦਰਜ ਕੀਤੇ ਗਏ ਹਨ। ਉਥੇ ਹੀ ਅੱਜ ਕੋਰੋਨਾ ਨਾਲ 51 ਲੋਕਾਂ ਦੀ ਮੌਤ ਹੋਈ।