6 another cases of Corona : ਜਲੰਧਰ ’ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਇਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਫਿਰ ਜਲੰਧਰ ’ਚੋਂ ਕੋਰੋਨਾ ਵਾਇਰਸ ਦੇ 6 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲੇ ’ਚ ਕੋਰੋਨਾ ਵਾਇਰਸ ਦੇ ਕੁਲ ਮਾਮਲਿਆਂ ਦੀ ਗਿਣਤੀ 173 ਹੋ ਗਈ ਗਈ ਹੈ। ਸਿਹਤ ਵਿਭਾਗ ਦੀ ਜਾਣਕਾਰੀ ਮੁਤਾਬਕ ਅੱਜ ਮਿਲੇ ਨਵੇਂ ਸਾਹਮਣੇ ਆਏ ਮਰੀਜ਼ਾਂ ਵਿਚ ਤਿੰਨ ਮਾਮਲੇ ਕਿਡਨੀ ਹਸਪਤਾਲ ਦੇ, ਦੋ ਬਸਤੀ ਸ਼ੇਖ ਅੱਡਾ ਅਤੇ ਇਕ ਦਿਹਾਤੀ ਖੇਤਰ ਦਾ ਦੱਸਿਆ ਜਾ ਰਿਹਾ ਹੈ। ਅੱਜ ਪਾਜ਼ੀਟਿਵ ਪਾਏ ਗਏ ਜਲੰਧਰ ਦੇ 6 ਮਾਮਲਿਆਂ ਵਿਚ ਕਿਡਨੀ ਹਸਪਤਾਲ ਦਾ ਇਕ ਡਾਕਟਰ ਵੀ ਸ਼ਾਮਲ ਹੈ, ਜੋਕਿ ਮੂਲ ਤੌਰ ’ਤੇ ਕਪੂਰਥਲਾ ਦਾ ਰਹਿਣ ਵਾਲਾ ਹੈ।
ਦੱਸਣਯੋਗ ਹੈ ਕਿ ਕੱਲ ਜਵੀ ਜ਼ਿਲੇ ਵਿਚ ਕੱਲ ਸ਼ਨੀਵਾਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਏ ਅੱਠ ਸ਼ਰਧਾਲੂਆਂ ਸਣੇ 13 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਵਿਚ ਇਕ ਮਰੀਜ਼ ਮਾਨਸਾ ਦਾ ਵੀ ਹੈ। ਨਕੋਦਰ ਦੇ ਮਹੇੜੂ, ਧਨੀ, ਅਠੌਲਾ ਤੇ ਨਿਊ ਗੋਬਿੰਦ ਨਗਰ, ਬਸੰਤ ਨਗਰ ਤੋਂ ਇਲਾਵਾ ਫਿਲੌਰ ਦੇ ਪਿੰਡ ਭੈਣੀ ਵਿਚ ਕੋਰੋਨਾ ਦੇ ਪਹਿਲੀ ਵਾਰ ਪਾਜ਼ੀਟਿਵ ਮਰੀਜ਼ ਮਿਲੇ ਹਨ। ਇਸ ਦੀ ਜਾਣਕਾਰੀ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀ.ਪੀ. ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮਾਨਸਾ ਦੇ ਰਹਿਣ ਵਾਲੇ ਪਾਜ਼ੀਟਿਵ ਮਰੀਜ਼ ਦੀ ਸੂਚਨਾ ਸਿਹਤ ਵਿਭਾਗ ਮਾਨਸਾ ਨੂੰ ਭੇਜ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵੱਲੋਂ ਰਿਪੋਰਟ ਉਨ੍ਹਾਂ ਦੇ ਕੋਲ ਪਹੁੰਚਣ ਤੋਂ ਬਾਅਦ ਹੀ ਉਹ ਪੁਸ਼ਟੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ 349 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਜ਼ਿਲੇ ਤੋਂ ਕੁਲ 4967 ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 3906 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸ਼ਨੀਵਾਰ ਨੂੰ 611 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 763 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।