ਅਮਰੀਕਾ ਦੇ ਵਰਜੀਨੀਆ ਸੂਬੇ ਤੋਂ ਗੋਲੀਬਾਰੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 6 ਸਾਲ ਦੇ ਬੱਚੇ ਨੇ ਕਲਾਸ ਅੰਦਰ ਟੀਚਰ ਨੂੰ ਗੋਲੀ ਮਾਰ ਦਿੱਤੀ। ਅਧਿਆਪਕਾ ਔਰਤ ਹੈ ਅਤੇ ਉਸ ਦੀ ਉਮਰ 30 ਸਾਲ ਦੇ ਕਰੀਬ ਹੈ। ਫਿਲਹਾਲ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬੱਚੇ ਨੂੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਘਟਨਾ ਸ਼ਨੀਵਾਰ ਨੂੰ ਰਿਕਨੇਕ ਐਲੀਮੈਂਟਰੀ ਸਕੂਲ ਵਿੱਚ ਵਾਪਰੀ। ਉਸ ਵੇਲੇ ਟੀਚਰ ਅਤੇ ਬੱਚਾ ਕਲਾਸ ਵਿਚ ਇਕੱਲੇ ਸਨ। ਪੁਲਿਸ ਮੁਖੀ ਸਟੀਵ ਡਰਿਊ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਇਹ ਕੋਈ ਹਾਦਸਾ ਨਹੀਂ ਸੀ। ਬੱਚੇ ਨੇ ਜਾਣਬੁੱਝ ਕੇ ਔਰਤ ‘ਤੇ ਗੋਲੀ ਚਲਾਈ। ਉਸ ਨੇ ਅਜਿਹਾ ਪੂਰੀ ਕਲਾਸ ਦੇ ਸਾਹਮਣੇ ਅਧਿਆਪਕ ਨਾਲ ਝਗੜੇ ਕਾਰਨ ਕੀਤਾ। ਫਿਲਹਾਲ ਮਾਮਲੇ ਨੂੰ ਹੈਂਡਲ ਕਰਨ ਲਈ ਵਕੀਲਾਂ ਦੀ ਸਲਾਹ ਲਈ ਜਾ ਰਹੀ ਹੈ।
ਡਰਿਊ ਨੇ ਦੱਸਿਆ ਕਿ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਗੋਲੀ ਲੱਗਣ ਕਾਰਨ ਉਸ ਨੂੰ ਲੱਗੀ ਸੱਟ ਜਾਨਲੇਵਾ ਸਾਬਤ ਹੋ ਸਕਦੀ ਹੈ। ਹਾਲਾਂਕਿ ਉਸਦੀ ਹਾਲਤ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ। ਡਰਿਊ ਨੇ ਦੱਸਿਆ- ਸਾਨੂੰ ਮਿਲੀ ਆਖਰੀ ਅਪਡੇਟ ਤੋਂ ਪਤਾ ਚੱਲਦਾ ਹੈ ਕਿ ਔਰਤ ਦੀ ਹਾਲਤ ‘ਚ ਸੁਧਾਰ ਹੋ ਰਿਹਾ ਹੈ। ਗੋਲੀਬਾਰੀ ‘ਚ ਕੋਈ ਬੱਚਾ ਜ਼ਖਮੀ ਨਹੀਂ ਹੋਇਆ।
ਗੋਲੀਬਾਰੀ ਤੋਂ ਬਾਅਦ ਸਕੂਲ ‘ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਕਿਹਾ ਕਿ ਇਸ ਘਟਨਾ ਵਿੱਚ ਕੋਈ ਹੋਰ ਬੱਚਾ ਸ਼ਾਮਲ ਨਹੀਂ ਸੀ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਦੱਸਿਆ ਜਾ ਸਕੇਗਾ ਕਿ ਬੱਚੇ ਨੂੰ ਬੰਦੂਕ ਕਿੱਥੋਂ ਮਿਲੀ ਅਤੇ ਉਹ ਸਕੂਲ ਵਿਚ ਕਿਵੇਂ ਲੈ ਕੇ ਆਇਆ। ਰਿਕਨੇਕ ਐਲੀਮੈਂਟਰੀ ਸਕੂਲ ਸੋਮਵਾਰ ਤੱਕ ਬੰਦ ਰਹੇਗਾ।
ਇਹ ਵੀ ਪੜ੍ਹੋ : ਉਤਰਾਖੰਡ : ਡੁੱਬ ਰਿਹੈ ਇਤਿਹਾਸਕ ਜੋਸ਼ੀਮਠ, 600 ਘਰਾਂ ‘ਚ ਤਰੇੜਾਂ, ਮਕਾਨ ਤੁਰੰਤ ਖਾਲੀ ਕਰਨ ਦੇ ਹੁਕਮ
ਡਰਿਊ ਨੇ ਕਿਹਾ- ਇਸ ਸਮੇਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੇ ਬੱਚੇ ਸੁਰੱਖਿਅਤ ਹਨ। ਇਹ ਸਾਡੀ ਤਰਜੀਹ ਹੈ। ਨਿਊਪੋਰਟ ਨਿਊਜ਼ ਪਬਲਿਕ ਸਕੂਲ ਦੇ ਸੁਪਰਡੈਂਟ ਡਾਕਟਰ ਜਾਰਜ ਪਾਰਕਰ ਨੇ ਕਿਹਾ- ਮੈਂ ਇਸ ਘਟਨਾ ਤੋਂ ਸਦਮੇ ਵਿੱਚ ਹਾਂ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਹਥਿਆਰ ਬੱਚਿਆਂ ਅਤੇ ਨੌਜਵਾਨਾਂ ਦੇ ਹੱਥਾਂ ਵਿੱਚ ਨਾ ਆਉਣ।
ਦੱਸ ਦੇਈਏ ਕਿ ਅਮਰੀਕਾ ਵਿੱਚ ਸ਼ਰੇਆਮ ਗੋਲੀਬਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਤੋਂ ਪਹਿਲਾਂ ਅਕਤੂਬਰ 2022 ਵਿੱਚ ਓਹੀਓ ਸਟੇਟ ਵਿੱਚ ਸਕੂਲ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ ਹੋਈ ਸੀ। ਇਸ ‘ਚ 3 ਲੋਕਾਂ ਦੀ ਮੌਤ ਹੋ ਗਈ। ਇਹ ਮੈਚ 2 ਸਕੂਲਾਂ ਦੀਆਂ ਟੀਮਾਂ ਵਿਚਕਾਰ ਖੇਡਿਆ ਜਾ ਰਿਹਾ ਸੀ।
ਉਥੇ ਹੀ ਮਈ 2022 ਵਿੱਚ ਇੱਕ 18 ਸਾਲਾ ਨੌਜਵਾਨ ਨੇ ਯੂਵਾਲਡੇ, ਟੈਕਸਾਸ ਵਿੱਚ ਰੌਬ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਇਸ ਹਮਲੇ ਵਿੱਚ 19 ਵਿਦਿਆਰਥੀ ਅਤੇ 2 ਅਧਿਆਪਕ ਮਾਰੇ ਗਏ ਸਨ। ਗੋਲੀਬਾਰੀ ਵਿੱਚ 13 ਬੱਚੇ, ਸਕੂਲ ਦੇ ਸਟਾਫ਼ ਮੈਂਬਰ ਅਤੇ ਕੁਝ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: