60 year old woman : ਜਲੰਧਰ ’ਚ ਰੋਜ਼ਾਨਾ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਫਿਰ ਜ਼ਿਲੇ ’ਚੋਂ ਕੋਰੋਨਾ ਵਾਇਰਸ ਦੇ ਇਕ ਹੋਰ ਮਾਮਲੇ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ 60 ਸਾਲਾ ਔਰਤ ਜੋਕਿ ਬਸਤੀ ਸ਼ੇਖ ਵਿਚ ਈਸ਼ਵਰ ਕਾਲੋਨੀ ਦੀ ਰਹਿਣ ਵਾਲੀ ਹੈ, ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਨਵਾਂ ਮਾਮਲਾ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 198 ਤੱਕ ਪਹੁੰਚ ਗਈ ਹੈ। ਜਦਕਿ ਹੁਣ ਤੱਕ ਜ਼ਿਲੇ ਵਿਚ 6 ਲੋਕ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।
ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਲੰਧਰ ਦੇ ਖਿੰਗਰਾਂ ਗੇਟ ਦੇ ਨਾਲ ਲੱਗਦੇ ਕਾਜ਼ੀ ਮੁਹੱਲਾ ਵਿਚੋਂ ਵੱਡੀ ਗਿਣਤੀ ’ਚ ਕੋਰੋਨਾ ਪੀੜਤ ਮਾਮਲੇ ਸਾਹਮਣੇ ਆਏ ਹਨ, ਜੋਕਿ ਕਾਜ਼ੀ ਮੁਹੱਲਾ ਦੇ ਮ੍ਰਿਤਕ ਨੌਜਵਾਨ ਨਰੇਸ਼ ਚਾਵਲਾ ਦੇ ਸੰਪਰਕ ਵਿਚ ਆਉਣ ਵਾਲੇ ਹਨ, ਜਿਸ ਦੇ ਚੱਲਦਿਆਂ ਥਾਣਾ ਨੰਬਰ 3 ਦੇ ਇੰਚਾਰਜ, ਏਡੀਸੀਪੀ, ਅਤੇ ਏਸੀਪੀ ਜਸਵਿੰਦਰ ਸਿੰਘ ਖਹਿਰਾ ਨੇ ਕਿਲਾ ਮੁਹੱਲਾ, ਕਾਜ਼ੀ ਮੁਹੱਲਾ, ਰਸਤਾ ਮੁਹੱਲਾ, ਲਾਲ ਬਾਜ਼ਾਰ ਦਾ ਜਾਇਜ਼ਾ ਲਿਆ ਤੇ ਪੂਰਾ ਇਲਾਕਾ ਸੀਲ ਕਰ ਦਿਤਾ। ਜ਼ਿਕਰਯੋਗ ਹੈ ਕਿ ਏ.ਡੀ.ਸੀ.ਪੀ. ਸੁਧਰਵੀਜੀ, ਏ.ਸੀ. ਪੀ. ਰੁਪਿੰਦਰ ਸਿੰਘ, ਏ. ਸੀ. ਪੀ. ਨੋਰਥ ਜਸਵਿੰਦਰ ਸਿੰਘ ਖਹਿਰਾ, ਥਾਣਾ ਨੰਬਰ 3 ਦੀ ਪੁਲਿਸ ਮੌਕੇ ‘ਤੇ ਪਹੁੰਚੀ, ਸਾਰੇ ਇਲਾਕੇ ਦਾ ਏ.ਡੀ.ਸੀ.ਪੀ. ਅਤੇ ਏ.ਸੀ.ਪੀ. ਵਲੋਂ ਪੂਰੀ ਤਰ੍ਹਾਂ ਨਿਰੀਖਣ ਕੀਤਾ ਗਿਆ ਅਤੇ ਪੁਲਿਸ ਨੂੰ ਤਾਇਨਾਤ ਕਰਦਿਆਂ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਵਿਅਕਤੀ ਬਿਨਾਂ ਕਿਸੇ ਕੰਮ ਦੇ ਘਰ ਤੋਂ ਬਾਹਰ ਨਹੀਂ ਜਾ ਸਕਦਾ।