69 corona patients from Nawanshahr : ਸੂਬੇ ਵਿਚ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਦੇ ਸਦਕਾ ਹੁਣ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਸਿਹਤਯਾਬ ਹੋਣ ਦੀਆਂ ਰਾਹਤ ਭਰੀਆਂ ਖਬਰਾਂ ਕਈ ਜ਼ਿਲਿਆਂ ਤੋਂ ਆ ਰਹੀਆਂ ਹਨ। ਹੁਸ਼ਿਆਰਪੁਰ, ਬਰਨਾਲਾ ਤੇ ਫਿਰੋਜ਼ਪੁਰ ਤੋਂ ਮਰੀਜ਼ਾਂ ਵੱਲੋਂ ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਹੁਣ ਨਵਾਂਸ਼ਹਿਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਵੀ 69 ਮਰੀਜ਼ ਇਸ ਖਤਰਨਾਕ ਵਾਇਰਸ ਨਾਲ ਜੰਗ ਫਤਿਹ ਕਰਕੇ ਹਸਪਤਾਲੋਂ ਘਰ ਪਰਤ ਗਏ ਹਨ। ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ’ਚੋਂ ਅੱਜ 33 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 14 ਦਿਨ ਹੋਰ ਘਰਾਂ ਵਿਚ ਇਕਾਂਤਵਾਸ ਵਿਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਜ਼ਿਲੇ ਵਿਚ 85 ਮਰੀਜ਼ ਇਲਾਜ ਅਧੀਨ ਸਨ। ਇਸ ਮੌਕੇ ’ਤੇ ਵਿਧਾਇਕ ਅੰਗਦ ਸਿੰਘ ਵੀ ਮੌਜੂਦ ਸਨ ਅਤੇ ਹਸਪਤਾਲ ਦੇ ਸਮੂਹ ਡਾਕਟਰਾਂ ਨੇ ਫੁੱਲ ਭੇਟ ਕਰਕੇ ਇਨ੍ਹਾਂ ਨੂੰ ਘਰਾਂ ਲਈ ਰਵਾਨਾ ਕੀਤਾ। ਜ਼ਿਕਰਯੋਗ ਹੈ ਕਿ ਅੱਜ ਠੀਕ ਹੋਏ ਮਰੀਜ਼ਾਂ ਵਿਚ ਇਕ 3 ਸਾਲ ਦਾ ਛੋਟਾ ਬੱਚਾ ਵੀ ਸੀ। ਇਸ ਸਮੇਂ ਹੁਣ ਨਵਾਂਸ਼ਹਿਰ ਵਿਚ 51 ਮਰੀਜ਼ ਇਲਾਜ ਅਧੀਨ ਹਨ।
ਉਧਰ ਸ੍ਰੀ ਮੁਕਤਸਰ ਸਾਹਿਬ ਤੋਂ ਵੀ ਸਰਕਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਜ਼ੇਰੇ ਇਲਾਜ 59 ਮਰੀਜ਼ਾਂ ਵਿਚੋਂ 36 ਨੂੰ ਸਿਹਤਯਾਬ ਹੋਣ ’ਤੇ ਘਰ ਭੇਜ ਦਿੱਤਾ ਗਿਆ ਹੈ। ਹੁਣ ਸ੍ਰੀ ਮੁਕਤਸਰ ਸਾਹਿਬ ਵਿਚ ਐਕਟਿਵ ਕੇਸ 23 ਹਨ। ਸਿਹਤ ਵਿਭਾਗ ਮੁਤਾਬਕ ਬਾਕੀ ਰਹਿੰਦੇ ਮਰੀਜ਼ ਵੀ ਛੇਤੀ ਹੀ ਸਿਹਤਯਾਬ ਹੋ ਕੇ ਘਰਾਂ ਨੂੰ ਪਰਤਣਗੇ। ਜ਼ਿਕਰਯੋਗ ਹੈ ਕਿ ਅੱਜ ਬਰਨਾਲਾ ਤੇ ਫਿਰੋਜ਼ਪੁਰ ਵਿਚ ਮਰੀਜ਼ਾਂ ਦੇ ਠੀਕ ਹੋਣ ਨਾਲ ਉਨ੍ਹਾਂ ਨੂੰ ਹਸਪਤਾਲੋਂ ਘਰ ਭੇਜ ਦਿੱਤਾ ਗਿਆ ਹੈ। ਇਨ੍ਹਾਂ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਇਹ ਦੋਵੇਂ ਜ਼ਿਲੇ ਕੋਰੋਨਾ ਮੁਕਤ ਹੋ ਗਏ ਹਨ।