ਇੰਡੋਨੇਸ਼ੀਆ ਤੋਂ ਬਾਅਦ ਹੁਣ ਸੋਲੋਮਨ ਟਾਪੂ ‘ਚ ਵੀ ਜ਼ਬਰਦਸਤ ਭੂਚਾਲ ਆਇਆ ਹੈ। ਸੋਲੋਮਨ ਟਾਪੂ ਦੇ ਮਲਾਂਗੋ ਵਿੱਚ ਅੱਜ ਸਵੇਰੇ ਧਰਤੀ ਹਿੱਲ ਗਈ। ਦੱਸਿਆ ਗਿਆ ਹੈ ਕਿ ਇਹ ਭੂਚਾਲ ਬਹੁਤ ਜ਼ਬਰਦਸਤ ਸੀ, ਕਿਉਂਕਿ ਇਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.0 ਮਾਪੀ ਗਈ ਸੀ। ਸਵੇਰੇ 7.33 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਲੋਕ ਘਰਾਂ ‘ਚੋਂ ਬਾਹਰ ਨਿਕਲਦੇ ਦਿਖਾਈ ਦਿੱਤੇ। ਫਿਲਹਾਲ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਭੂਚਾਲ ‘ਚ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੋਵੇਗਾ, ਜਿਸ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਫਿਲਹਾਲ, ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ।
ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਚ ਸੋਮਵਾਰ ਨੂੰ ਆਏ ਭਿਆਨਕ ਭੂਚਾਲ ਅਤੇ ਉਸ ਤੋਂ ਬਾਅਦ ਆਏ ਝਟਕਿਆਂ ਕਾਰਨ ਕਈ ਮਕਾਨ ਢਹਿ ਗਏ। ਇੰਡੋਨੇਸ਼ੀਆ ‘ਚ ਭੂਚਾਲ ਨਾਲ ਸਬੰਧਤ ਘਟਨਾਵਾਂ ਕਾਰਨ ਹੁਣ ਤੱਕ ਘੱਟੋ-ਘੱਟ 162 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ। ਭੂਚਾਲ ਨਾਲ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਸੜਕਾਂ ਅਤੇ ਗਲੀਆਂ ਵਿਚ ਭੱਜਦੇ ਹੋਏ ਜ਼ਖਮੀ ਅਤੇ ਖੂਨ ਨਾਲ ਲੱਥਪੱਥ ਨਜ਼ਰ ਆਏ।
ਇਹ ਵੀ ਪੜ੍ਹੋ : ਪੁਲਿਸ ਵਾਲੇ ਵੱਲੋਂ ਆਪਣੇ ਵਿਆਹ ‘ਚ ਫਾਇਰਿੰਗ ਕਰਨ ਦਾ ਵੀਡੀਓ ਵਾਇਰਲ, ਹੋਇਆ ਪਰਚਾ
ਜਾਵਾ ਦੇ ਗਵਰਨਰ ਰਿਦਵਾਨ ਕਾਮਿਲ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 162 ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ ਹਨ। ਉਨ੍ਹਾਂ ਕਿਹਾ ਕਿ ਭੂਚਾਲ ਵੇਲੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਜ਼ਿਆਦਾਤਰ ਬੱਚੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਸਲਾਮਿਕ ਸਕੂਲਾਂ ਵਿੱਚ ਤਾਲੀਮ ਲੈ ਰਹੇ ਸਨ। ਸਿਆੰਜੂਰ ਵਿੱਚ ਸਭ ਤੋਂ ਵੱਧ ਇਸਲਾਮਿਕ ਰਿਹਾਇਸ਼ੀ ਸਕੂਲ ਅਤੇ ਮਸਜਿਦਾਂ ਹਨ।
ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ 5.4 ਦੀ ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਪੱਛਮੀ ਜਾਵਾ ਸੂਬੇ ਦੇ ਸਿਆਨਜੂਰ ਖੇਤਰ ‘ਚ 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ ‘ਤੇ ਕੇਂਦਰਿਤ ਸੀ। ਇੰਡੋਨੇਸ਼ੀਆ ਦੀ ਮੌਸਮ ਵਿਗਿਆਨ ਅਤੇ ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਏਜੰਸੀ ਮੁਤਾਬਕ ਭੂਚਾਲ ਤੋਂ ਬਾਅਦ 25 ਹੋਰ ਝਟਕੇ ਦਰਜ ਕੀਤੇ ਗਏ। ਵਿਸ਼ਾਲ ਦੀਪ ਸਮੂਹ ਦੇਸ਼ ਵਿੱਚ ਭੁਚਾਲ ਅਕਸਰ ਆਉਂਦੇ ਰਹਿੰਦੇ ਹਨ, ਪਰ ਜਕਾਰਤਾ ਵਿੱਚ ਉਨ੍ਹਾਂ ਨੂੰ ਮਹਿਸੂਸ ਕਰਨਾ ਅਸਾਧਾਰਨ ਹੈ। ਇੰਡੋਨੇਸ਼ੀਆ ਦੀ ਆਬਾਦੀ 270 ਮਿਲੀਅਨ ਤੋਂ ਵੱਧ ਹੈ ਅਤੇ ਇਥੇ ਅਕਸਰ ਭੂਚਾਲਾਂ, ਜਵਾਲਾਮੁਖੀ ਫਟਣ ਅਤੇ ਸੁਨਾਮੀ ਵਰਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: