7 new cases of Corona : ਸੂਬੇ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਵੱਖ-ਵੱਖ ਜ਼ਿਲਿਆਂ ਵਿਚ ਨਵੇਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਨਵੇਂ ਮਾਮਲੇ ਮੋਹਾਲੀ ਅਤੇ ਫਿਰੋਜ਼ਪੁਰ ਤੋਂ ਸਾਹਮਣੇ ਆਏ ਹਨ, ਜਿਥੇ ਮੋਹਾਲੀ ਵਿਚ ਕੋਰੋਨਾ ਵਾਇਰਸ ਦੇ ਤਿੰਨ ਹੋਰ ਪਾਜ਼ੀਟਿਵ ਕੇਸ ਮਿਲੇ ਹਨ ਅਤੇ ਫਿਰੋਜ਼ਪੁਰ ’ਚ ਚਾਰ ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਮੁਤਾਬਕ ਮੋਹਾਲੀ ਵਿਚ ਸਾਹਮਣੇ ਆਏ ਮਾਮਲਿਆਂ ਵਿਚੋਂ ਇਕ ਮਾਮਲਾ ਪਿੰਡ ਜਵਾਹਰਪੁਰ ਤੋਂ ਸਾਹਮਣੇ ਆਇਆ ਹੈ।
ਦੱਸਣਯੋਗ ਹੈ ਕਿ ਮੋਹਾਲੀ ਦੇ ਜਵਾਹਰਪੁਰ ਦੇ ਪਹਿਲਾਂ ਤੋਂ ਹੀ ਕੋਰੋਨਾ ਪਾਜ਼ੀਟਿਵ ਆਏ ਵਿਅਕਤੀ ਦੇ 20 ਸਾਲਾ ਪੁੱਤਰ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ 2 ਸ਼ਰਧਾਲੂਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਮੋਹਾਲੀ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਵਧ ਕੇ 92 ਹੋ ਗਈ ਹੈ। ਇਥੇ ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਵੀ ਮੋਹਾਲੀ ਵਿਚ ਤਿੰਨ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿਚ 56 ਸਾਲਾ ਔਰਤ ਅਤੇ ਉਸ ਦੇ 30 ਸਾਲਾ ਪੁ4ਤਰ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਤੋਂ ਪਹਿਲਾਂ ਮੋਹਾਲੀ ਦੇ ਪਿੰਡ ਵਡਾਲਾ ’ਚ 30 ਸਾਲਾ ਵਿਅਕਤੀ ਦੀ ਰਿਪੋਰਟ ਦੇ ਵੀ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ।
ਉਧਰ ਸ੍ਰੀ ਹਜ਼ੂਰ ਸਾਹਿਬ ਤੋਂ ਫਿਰੋਜ਼ਪੁਰ ਆਈਆਂ ਜਿਨ੍ਹਾਂ ਸੰਗਤਾਂ ਦੇ ਕੋਰੋਨਾ ਵਾਇਰਸ ਦੇ ਟੈਸਟ ਦੇ ਸੈਂਪਲ ਭੇਜੇ ਗਏ ਸਨ, ਉਨ੍ਹਾਂ ਵਿਚੋਂ ਪਹਿਲਾਂ 11 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ ਅਤੇ ਇਕ ਵਿਅਕਤੀ ਦੀ ਪਹਿਲਾਂ ਹੀ ਕੋਰੋਨਾ ਰਿਪੋਰਟ ਪਾਜ਼ੀਟਿਵ ਆ ਚੁੱਕੀ ਸੀ ਅਤੇ ਹੁਣ 4 ਕੇਸ ਪਾਜ਼ੀਟਿਵ ਮਿਲਣ ਨਾਲ ਜ਼ਿਲੇ ਵਿਚ ਹਫੜਾ-ਦਫੜੀ ਪੈ ਗਈ ਹੈ। ਦੱਸ ਦੇਈਏ ਕਿ ਇਹ 4 ਕੋਰੋਨਾ ਪਾਜ਼ੀਟਿਵ ਮਾਮਲੇ ਰਾਜਸਥਾਨ ਤੋਂ ਆਈ ਲੇਬਰ ਵਿਚੋਂ ਪਾਏ ਗਏ ਹਨ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲੰਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਚਾਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਕੁਆਰੰਟਾਈਨ ਕਰ ਦਿੱਤਾ ਗਿਆ ਹੈ।