7 people in Jalandhar beat Corona : ਜਲੰਧਰ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ। ਬੀਤੇ ਦਿਨ ਸ਼ੁੱਕਰਵਾਰ ਨੂੰ ਵੀ ਕੋਰੋਨਾ ਵਾਇਰਸ ਦੇ 7 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਜ਼ਿਲੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 155 ਤੱਕ ਪਹੁੰਚ ਗਿਆ ਹੈ। ਇਨ੍ਹਾਂ ਵਿਚੋਂ ਤਿੰਨ ਔਰਤਾਂ ਸ੍ਰੀ ਹਜੂ਼ਰ ਸਾਹਿਬ ਤੋਂ ਪਰਤੀਆਂ ਸ਼ਰਧਾਲੂ ਸਨ। ਉਥੇ ਜਲੰਧਰ ਤੋਂ ਇਕ ਰਾਹਤ ਭਰੀ ਖਬਰ ਇਹ ਰਹੀ ਕਿ ਦੋ ਬੱਚਿਆਂ ਸਣੇ ਸੱਤ ਨੇ ਕੋਰੋਨਾ ਤੋਂ ਜੰਗ ਜਿੱਤ ਕੇ ਘਰਾਂ ਨੂੰ ਵਾਪਸੀ ਕੀਤੀ ਹੈ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਜਿਨ੍ਹਾਂ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਉਨ੍ਹਾਂ ਵਿਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤਣ ਵਾਲੀ ਪਿੰਡ ਗੋਨਾਚੱਕ ਨਿਵਾਸੀ 30-30 ਸਾਲ ਦੀਆਂ ਦੋ ਮੁਟਿਆਰਾਂ ਤੇ ਇਕ 55 ਸਾਲ ਦੀ ਔਰਤ ਤੋਂ ਇਲਾਵਾ ਪਿਛਲੇ ਦਿਨੀਂ ਜੌਹਲ ਹਸਪਤਾਲ ਵਿਚ ਬਸਤੀ ਗੁਜਾਂ ਦੇ ਗੋਬਿੰਦ ਨਗਰ ਨਿਵਾਸੀ ਕੋਰੋਨਾ ਨਾਲ ਮਰੇ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਉਸ ਦੇ ਪਰਿਵਾਰਕ ਮੈਂਬਰ ਸ਼ਾਮਲ ਹਨ। ਇਨ੍ਹਾਂ ਵਿਚ ਇਕ 35 ਸਾਲਾ ਵਿਅਕਤੀ ਦੇ ਨਾਲ ਹੀ ਉਸ ਦੀ 27 ਸਾਲਾ ਪਤਨੀ ਅਤੇ ਉਸ ਦਾ ਚਾਰ ਸਾਲਾ ਬੇਟੇ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਬਸਤੀ ਦਾਨਿਸ਼ਮੰਦਾ ਨਿਵਾਸੀ 49 ਸਾਲਾ ਆਟੋ ਚਾਲਕ ਵੀ ਕੋਰੋਨਾ ਪਾਜ਼ੀਟਿਵ ਆਇਆ ਹੈ। ਉਸ ਨੂੰ ਸਾਹ ਸਬੰਧੀ ਸਮੱਸਿਆ ਹੋਣ ਕਾਰਨ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸੱਤ ਕੋਰੋਨਾ ਪੀੜਤ ਮਰੀਜ਼ਾਂ ਜਿਨ੍ਹਾਂ ਦੀ ਰਿਪੋਰਟ ਹੁਣ ਨੈਗੇਟਿਵ ਆਈ ਹੈ, ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਭੇਜੇ ਗਏ ਜਾਂਚ ਸੈਂਪਲਾਂ ਵਿਚ 203 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ।