8 Corona cases found : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਹੁਣ ਪਹਿਲਾਂ ਨਾਲੋਂ ਵੀ ਵੱਧ ਸਾਹਮਣੇ ਆ ਰਹੇ ਹਨ। ਜੈਤੋ ਵਿੱਚ ਇੱਕੋ ਇਲਾਕੇ ਵਿੱਚੋਂ 8 ਮਰੀਜ਼ ਪਾਜ਼ੀਟਿਵ ਆਉਣ ਨਾਲ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਕਤਸਰ ਰੋਡ ‘ਤੇ ਮਹੇਸ਼ੀ ਚੱਕੀ ਵਾਲੀ ਗਲੀ ਵਿੱਚੋਂ ਅੱਠ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਸ ਦੇ ਚੱਲਿਆਂ ਇਸ ਇਲਾਕੇ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ ਅਤੇ ਇਸ ਗਲੀ ਵਿੱਚ ਅਸਥਾਈ ਤੌਰ ‘ਤੇ ਬੈਰੀਕੇਡਿੰਗ ਕਰਵਾ ਦਿੱਤੀ ਗਈ ਹੈ।
ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਗਲੀ ਵਿੱਚ ਬੈਰੀਕੇਡਿੰਗ ਦੌਰਾਨ ਜ਼ਰੂਰੀ ਵਸਤੂਆਂ ਜਿਵੇਂ ਦੁੱਧ, ਸਬਜ਼ੀਆਂ, ਰਾਸ਼ਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ। ਇਸ ਗਲੀ ਵਿੱਚ 24 ਘੰਟੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਅਤੇ ਗਲੀ ਵਿੱਚ ਜਾਣ ਵਾਲਿਆਂ ਨੂੰ ਪਹਿਲਾਂ ਰਜਿਸਟਰ ਵਿੱਚ ਨਾਂ ਦੀ ਐਂਟਰੀ ਕਰਵਾਉਣੀ ਹੋਵੇਗੀ।
ਦੱਸਣਯੋਗ ਹੈ ਕਿ ਬੀਤੇ ਦਿਨ ਜਾਰੀ ਅੰਕੜਿਆਂ ਮੁਤਾਬਕ ਪੰਜਾਬ ‘ਚ ਕੋਰੋਨਾ ਦੇ 2705 ਨਵੇਂ ਮਾਮਲੇ ਸਾਹਮਣੇ ਆਏ ਅਤੇ 49 ਵਿਅਕਤੀਆਂ ਨੇ ਅੱਜ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਰਾਹਤ ਭਰੀ ਗੱਲ ਇਹ ਵੀ ਰਹੀ ਕਿ 2781 ਮਰੀਜ਼ਾਂ ਨੂੰ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਵੀ ਮਿਲ ਚੁੱਕੀ ਹੈ। ਪੰਜਾਬ ‘ਚ ਹੁਣ ਤੱਕ 6043312 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। ਅੱਜ ਦੇ ਦਿਨ 28700 ਸੈਂਪਲ ਲਏ ਗਏ। ਹੁਣ ਤੱਕ 248454 ਮਰੀਜ਼ ਕੋਰੋਨਾ ਪਾਜੀਟਿਵ ਪਾਏ ਜਾ ਚੁੱਕੇ ਹਨ ਤੇ ਹਾਲ ਦੀ ਘੜੀ ਪੰਜਾਬ ‘ਚ ਐਕਟਿਵ ਕੇਸਾਂ ਦੀ ਗਿਣਤੀ 25314 ਤੱਕ ਜਾ ਪੁੱਜੀ ਹੈ।