930 cases of corona reported : ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਦਰਜ ਕੀਤੀ ਗਿਰਾਵਟ ਤੋਂ ਬਾਅਦ ਭਾਵੇਂ ਲੌਕਡਾਊਨ ਖੋਲ੍ਹ ਦਿੱਤਾ ਗਿਆ ਹੈ ਅਤੇ ਸੂਬੇ ਦੇ ਲੋਕਾਂ ’ਤੇ ਲਗਾਈਆਂ ਗਈਆਂ ਪਾਬੰਦੀਆਂ ਕਾਫੀ ਹੱਦ ਤੱਕ ਹਟਾ ਦਿੱਤੀਆਂ ਗਈਆਂ ਹਨ ਪਰ ਫਿਰ ਵੀ ਅਜੇ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਸੂਬੇ ਵਿੱਚ ਕੋਰੋਨਾ ਦੇ 930 ਪਾਜ਼ੀਟਿਵ ਮਰੀਜ਼ ਪਾਏ ਗਏ, ਜਿਨ੍ਹਾਂ ਵਿੱਚੋਂ ਵੱਧ ਮਾਮਲੇ ਜਲੰਧਰ ਤੋਂ 122, ਮੋਹਾਲੀ ਤੋਂ 155 ਤੇ ਅੰਮ੍ਰਿਤਸਰ ’ਚ 100 ਮਾਮਲੇ ਸਾਹਮਣੇ ਆਏ। ਉਥੇ ਹੀ ਸੂਬੇ ਵਿੱਚ ਕੋਰੋਨਾ ਨਾਲ ਅੱਜ 29 ਮੌਤਾਂ ਹੋਈਆਂ ਹਨ। ਉਥੇ ਹੀ ਸੂਬੇ ’ਚ 1615 ਮਰੀਜ਼ਾਂ ਨੂੰ ਠੀਕ ਹੋਣ ’ਤੇ ਘਰਾਂ ਲਈ ਰਵਾਨਾ ਕੀਤਾ ਗਿਆ।
ਅੱਜ ਸੂਬੇ ਵਿੱਚ ਕੋਰੋਨਾ ਨਾਲ ਫਰੀਦਕੋਟ ਵਿੱਚ 5, ਗੁਰਦਾਸਪੁਰ ’ਚ 3, ਜਲੰਧਰ ’ਚ 3, ਬਰਨਾਲਾ ’ਚ 2, ਫਿਰੋਜ਼ਪੁਰ ’ਚ 2, ਕਪੂਰਥਲਾ ’ਚ 2, ਲੁਧਿਆਣਾ ’ਚ 2, ਪਟਿਆਲਾ ’ਚ 2, ਰੋਪੜ ’ਚ 2, ਅੰਮ੍ਰਿਤਸਰ ’ਚ 1, ਫਤਿਹਗੜ੍ਹ ਸਾਹਿਬ ’ਚ 1, ਫਾਜ਼ਿਲਕਾ ’ਚ 1, ਮਾਨਸਾ ’ਚ 1, ਪਠਾਨਕੋਟ ’ਚ ਤੇ ਤਰਨਤਾਰਨ ’ਚ 1 ਮਰੀਜ਼ਾਂ ਨੇ ਦਮ ਤੋੜਿਆ। ਉਥੇ ਹੀ ਪਟਿਆਲਾ ਵਿੱਚ 2, ਅੰਮ੍ਰਿਤਸਰ ਤੇ ਲੁਧਿਆਣਾ ਵਿੱਚ 4-4 ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਇੱਕ ਮਰੀਜ਼ ਦੀ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਵੈਂਟੀਲੇਟਰ ‘ਤੇ ਰਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਹੁਣ ਤੱਕ ਪੂਰੇ ਪੰਜਾਬ ਵਿੱਚ 121716 ਮਾਮਲੇ ਕੋਰੋਨਾ ਪਾਜ਼ੀਟਿਵ ਪਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 107200 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦਿੱਤੀ ਜਾ ਚੁੱਕੀ ਹੈ। ਅਜੇ ਵੀ ਸੂਬੇ ਵਿੱਚ 10775 ਮਾਮਲੇ ਐਕਟਿਵ ਹਨ ਜਿਨ੍ਹਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ 228 ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ, ਜਦਕਿ 42 ਮਰੀਜ਼ਾਂ ਦੀ ਹਾਲਤ ਬਹੁਤ ਹੀ ਗੰਭੀਰ ਹੈ, ਜਿਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਹੁਣ ਤੱਕ ਸੂਬੇ ਵਿੱਚ 3741 ਲੋਕਾਂ ਦੀ ਕੋਰੋਨਾ ਨਾਲ ਜਾਨ ਜਾ ਚੁੱਕੀ ਹੈ। ਹਾਲਾਂਕਿ ਸੂਬੇ ਵਿੱਚ ਕੋਰੋਨਾ ਦੇ ਮਾਮਲੇ ਪਹਿਲਾਂ ਨਾਲੋਂ ਘੱਟ ਰਹੇ ਹਨ ਪਰ ਫਿਰ ਵੀ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਇਸ ਮਹਾਮਾਰੀ ਤੋਂ ਆਪਣੇ ਬਚਾਅ ਲਈ ਅਪੀਲ ਕੀਤੀ ਜਾ ਰਹੀ ਹੈ।