ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਸਿਵਲ ਹਸਪਤਾਲ ‘ਤੋਂ ਤਿੰਨ ਦਿਨਾਂ ਦਾ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬੱਚਾ ਸੋਮਵਾਰ ਤੜਕੇ 3:15 ਵਜੇ ਚੋਰੀ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਖੇਡਣ ਦੇ ਬਹਾਨੇ ਬੱਚੇ ਨੂੰ ਚੁੱਕ ਕੇ ਲੈ ਗਈ ਅਤੇ ਮੌਕਾ ਦੇਖ ਕੇ ਰਾਤ ਨੂੰ ਉਕਤ ਵਿਅਕਤੀ ਸਮੇਤ ਫਰਾਰ ਹੋ ਗਈ। ਕੁਝ ਸਮੇਂ ਬਾਅਦ ਜਦੋਂ ਬੱਚੇ ਦੀ ਮਾਂ ਸ਼ਬਨਮ ਵਾਸੀ ਕਾਰਾਬਰਾ ਰੋਡ ਬੈੱਡ ਤੋਂ ਉੱਠੀ ਤਾਂ ਬੱਚੇ ਨੂੰ ਨੇੜੇ ਨਾ ਦੇਖ ਕੇ ਉੱਚੀ-ਉੱਚੀ ਰੋਣ ਲੱਗੀ। ਇਹ ਸਾਰੀ ਘਟਨਾ ਹਸਪਤਾਲ ਵਿੱਚ ਲੱਗੇ ਕੈਮਰਿਆਂ ਵਿਚ ਕੈਦ ਹੋ ਗਈ ਹੈ।
ਹਸਪਤਾਲ ਵਿੱਚ ਲੱਗੇ ਕੈਮਰਿਆਂ ਅਨੁਸਾਰ 12:04 ਵਜੇ ਇੱਕ ਆਦਮੀ ਅਤੇ ਇੱਕ ਔਰਤ ਓਟੀ ਕੰਪਲੈਕਸ ਵਿੱਚ ਆਰਾਮ ਕਰਨ ਲਈ ਰੁਕੇ। ਇਸ ਤੋਂ ਬਾਅਦ ਕਰੀਬ 3:15 ਵਜੇ ਔਰਤ ਇਹ ਕਹਿ ਕੇ ਵਾਰਡ ‘ਚ ਦਾਖਲ ਹੋਈ ਕਿ ਉਹ ਇਕ ਮਰੀਜ਼ ਨੂੰ ਮਿਲਣ ਜਾ ਰਹੀ ਹੈ, ਜਿਸ ਦਾ ਆਪਰੇਸ਼ਨ ਹੋਇਆ ਹੈ। ਜਦੋਂ ਸਟਾਫ ਨੇ ਉਸ ਨੂੰ ਮਰੀਜ਼ ਦਾ ਨਾਂ ਪੁੱਛਿਆ ਤਾਂ ਉਸ ਨਾਂ ਦਾ ਕੋਈ ਮਰੀਜ਼ ਨਹੀਂ ਸੀ, ਪਰ ਫਿਰ ਉਹ ਮਹਿਲਾ ਵਾਰਡ ਵਿਚ ਦਾਖਲ ਹੋ ਗਈ। ਇਸ ‘ਤੋਂ ਬਾਅਦ ਉਹ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਈ।
ਬੱਚੇ ਦੀ ਮਾਂ ਸ਼ਬਨਮ ਨੇ ਹਸਪਤਾਲ ਦੇ ਸਟਾਫ ‘ਤੇ ਵੀ ਗੰਭੀਰ ਦੋਸ਼ ਲਗਾਏ ਹਨ, ਕਿ ਜਦੋਂ ਉਸ ਨੇ ਸਟਾਫ ਨੂੰ ਦੱਸਿਆ ਕਿ ਉਸ ਦਾ ਬੱਚਾ ਚੋਰੀ ਹੋ ਗਿਆ ਹੈ ਤਾਂ ਸਟਾਫ ਨੇ ਉਸ ਦੀ ਗੱਲ ਨਹੀਂ ਸੁਣੀ। ਉਸ ਨੇ ਸਟਾਫ ‘ਤੇ ਚਾਈਲਡ ਲਿਫਟਰਾਂ ਨਾਲ ਮਿਲੀਭੁਗਤ ਦਾ ਦੋਸ਼ ਲਗਾਇਆ ਹੈ। ਨਾਲ ਹੀ ਕਿਹਾ ਕਿ ਹਸਪਤਾਲ ਦੇ ਗੇਟ ’ਤੇ ਬੈਠੇ ਸੁਰੱਖਿਆ ਕਰਮੀਆਂ ਨੇ ਅੱਧੀ ਰਾਤ ਨੂੰ ਬੱਚੇ ਨੂੰ ਔਰਤ ਦੇ ਹੱਥਾਂ ’ਚ ਫੜ ਕੇ ਬਿਨਾਂ ਕੋਈ ਪੁੱਛ-ਪੜਤਾਲ ਕੀਤੇ ਬਾਹਰ ਜਾਣ ਦਿੱਤਾ। ਸ਼ਬਨਮ ਨੇ ਕਿਹਾ ਕਿ ਸਿਹਤ ਮੰਤਰੀ ਡਾ: ਬਲਬੀਰ ਸਿੰਘ ਸਿੱਧੂ ਨੂੰ ਇਸ ਮਾਮਲੇ ਵਿੱਚ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਜਾਂਚ ਕਰਕੇ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਮੁਕਤਸਰ : ਥਾਣਾ ਲੱਖੇਵਾਲੀ ਦੇ ਮੁੱਖ ਮੁਨਸ਼ੀ ਦੀ ਗੋ.ਲੀ ਲੱਗਣ ਕਾਰਨ ਮੌ.ਤ, ਜਾਂਚ ‘ਚ ਜੁਟੀ ਪੁਲਿਸ
SMO ਦੀਪਿਕਾ ਗੋਇਲ ਨੇ ਕਿਹਾ ਕਿ ਬੱਚੇ ਦੀ ਚੋਰੀ ਬਹੁਤ ਦੁੱਖ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਏ ਨਾਲ ਹੀ ਸੀਸੀਟੀਵੀ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਇੱਕ ਮਹੀਨੇ ਵਿੱਚ 800 ਤੋਂ 900 ਬੱਚੇ ਪੈਦਾ ਹੁੰਦੇ ਹਨ। ਸਟਾਫ ‘ਤੇ ਕੰਮ ਦਾ ਬੋਝ ਵੀ ਜ਼ਿਆਦਾ ਹੈ। ਜਿਸ ਕਾਰਨ ਦੇਰ ਰਾਤ ਇਹ ਘਟਨਾ ਵਾਪਰੀ ਹੈ। ਪਰ ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਅਣਗਹਿਲੀ ਸਾਹਮਣੇ ਆਈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ACP ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੱਚੇ ਦਾ ਜਨਮ ਸ਼ੁੱਕਰਵਾਰ ਨੂੰ ਹੋਇਆ ਸੀ। ਸੀਸੀਟੀਵੀ ਫੁਟੇਜ ਮੁਤਾਬਕ ਬੱਚਾ ਚੋਰੀ ਕਰਨ ਵਾਲੀ ਔਰਤ ਦੀ ਪਛਾਣ ਕੀਤੀ ਜਾ ਰਹੀ ਹੈ। ਵਿਸ਼ੇਸ਼ ਟੀਮਾਂ ਬੱਚੇ ਦੀ ਭਾਲ ਵਿੱਚ ਜੁਟ ਗਈਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਬੱਚੇ ਨੂੰ ਸੁਰੱਖਿਅਤ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਦੋਸ਼ੀਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: