A 59 year old man died : ਪੰਜਾਬ ’ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅੱਜ ਸ਼ਨੀਵਾਰ ਕੋਰੋਨਾ ਨਾਲ ਸੂਬੇ ਵਿਚ 30ਵੀਂ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਦਾਖਲ 59 ਸਾਲਾ ਵਿਅਕਤੀ ਨੇ ਦਮ ਤੋੜ ਦਿੱਤਾ। ਉਸ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਜਗਰਾਓਂ ਦੇ ਮਾਣੂੰਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜੋਕਿ ਬੀਤੇ ਦਿਨੀਂ ਸ੍ਰੀ ਨਾਂਦੇੜ ਸਾਹਿਬ ਤੋਂ ਵਾਪਸ ਪਰਤਿਆ ਸੀ। ਦੱਸਣਯੋਗ ਹੈ ਕਿ ਲੁਧਿਆਣਾ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ ਹੁਣ 6 ਹੋ ਗਈ ਹੈ, ਜਦੋਂਕਿ ਜਗਰਾਓਂ ’ਚ ਕੋਰੋਨਾ ਕਾਰਨ ਹੋਈ ਇਹ ਪਹਿਲੀ ਮੌਤ ਹੈ।
ਦੱਸ ਦੇਈਏ ਕਿ ਲੁਧਿਆਣਾ ਜ਼ਿਲੇ ਵਿਚ ਇਸ ਸਮੇਂ ਕੋਰੋਨਾ ਦੇ ਕੁਲ ਪੀੜਤਾਂ ਦੀ ਗਿਣਤੀ 125 ਤੱਕ ਪਹੁੰਚ ਗਈ ਹੈ। ਜ਼ਿਲੇ ਵਿਚ ਕੋਰੋਨਾ ਦਾ ਵਧਦੇ ਮਾਮਲਿਆਂ ਕਾਰਨ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਚਿੰਤਾ ਹੋਰ ਵੀ ਵਧ ਗਈ ਹੈ। ਦੱਸ ਦੇਈਏ ਕਿ ਕੱਲ ਸ਼ੁੱਕਰਵਾਰ ਨੂੰ ਵੀ ਮੋਹਾਲੀ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਸਮੇਂ ਪੰਜਾਬ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਕੁਲ ਗਿਣਤੀ 1764 ਤੱਕ ਪਹੁੰਚ ਗਈ ਹੈ, ਇਨ੍ਹਾਂ ਵਿਚੋਂ ਵਧੇਰੇ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।
ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਸੂਬੇ ਦੇ ਅੰਮ੍ਰਿਤਸਰ ’ਚ 296, ਲੁਧਿਆਣਾ ’ਚ 125, ਜਲੰਧਰ ’ਚ 155, ਮੋਹਾਲੀ ’ਚ 97, ਪਟਿਆਲਾ ’ਚ 101, ਹੁਸ਼ਿਆਰਪੁਰ ’ਚ 90, ਤਰਨਤਾਰਨ ’ਚ 161, ਪਠਾਨਕੋਟ ’ਚ 27, ਮਾਨਸਾ ’ਚ 20, ਕਪੂਰਥਲਾ ’ਚ 24, ਫਰੀਦਕੋਟ ’ਚ 45, ਸੰਗਰੂਰ ’ਚ 97, ਨਵਾਂਸ਼ਹਿਰ ’ਚ 104, ਰੂਪਨਗਰ ’ਚ 17, ਫਿਰੋਜ਼ਪੁਰ ’ਚ 44, ਬਠਿੰਡਾ ’ਚ 41, ਗੁਰਦਾਸਪੁਰ ’ਚ 117, ਫਤਿਹਗੜ੍ਹ ਸਾਹਿਬ ’ਚ 23, ਬਰਨਾਲਾ ’ਚ 21, ਫਾਜ਼ਿਲਕਾ ’ਚ 39, ਮੋਗਾ ’ਚ 54, ਮੁਕਤਸਰ ਸਾਹਿਬ ’ਚ 66 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।