AAP leader attacks Captain Govt : ਜ਼ੀਰਕਪੁਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸੈਣੀ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਹਾਲ ਹੀ ਵਿੱਚ ਲਿਆਂਦਾ ਗਿਆ ਆਮ ਬਜਟ ਪੂਰੀ ਤਰ੍ਹਾਂ ਚੋਣ ਬਜਟ ਹੈ ਅਤੇ ਇਸ ਬਜਟ ਦਾ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਨਵਜੋਤ ਸੈਣੀ 21 ਮਾਰਚ ਨੂੰ ਹੋਣ ਵਾਲੀ ਰੈਲੀ ਦੇ ਸੰਬੰਧ ਵਿੱਚ ਜ਼ੀਰਕਪੁਰ ਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਸੱਦਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸਿਟੀ ਕੌਂਸਲ ਦੀ ਚੋਣ ਤੋਂ ਪਹਿਲਾਂ ਕਾਂਗਰਸ ਨੇ ਜ਼ੀਰਕਪੁਰ ਦੇ ਹਸਪਤਾਲ ਨੂੰ ਇਥੇ 100 ਬਿਸਤਰਿਆਂ ਦੇ ਹਸਪਤਾਲ ਵਿੱਚ ਅਪਗ੍ਰੇਡ ਕਰਨ ਦਾ ਐਲਾਨ ਕੀਤਾ ਸੀ। ਪਰ ਅਜੇ ਤੱਕ ਇਸ ਦਿਸ਼ਾ ਵਿਚ ਕਈ ਵੀ ਸਕਾਰਾਤਮਕ ਕਦਮ ਨਹੀਂ ਚੁੱਕੇ ਗਏ ਹਨ। ਸਿਰਫ ਅਤੇ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਪ੍ਰਾਪਤ ਕਰਨ ਲਈ ਝੂਠ ਬੋਲਿਆ ਗਿਆ। ਸੈਣੀ ਨੇ ਤੰਜ ਕੱਸਦੇ ਹੋਏ ਕਿਹਾ ਕਿ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ। ਕਾਂਗਰਸ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਜਟ ਵਿੱਚ ਕਈ ਐਲਾਨ ਕੀਤੇ ਸਨ। ਜਿਸ ਦਾ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਮਿਲੇਗਾ।
ਆਪ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਡੇਰਾਬਸੀ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਵੱਲੋਂ ਬਜਟ ਵਿੱਚ ਕੀਤੇ ਝੂਠੇ ਐਲਾਨਾਂ ਤੋਂ ਜਾਣੂ ਕਰਵਾਉਣਗੇ। ਉਨ੍ਹਾਂ ਨੇ ਸਰਕਾਰ ਦਾ ਘਿਰਾਓ ਕਰਦਿਆਂ ਕਿਹਾ ਕਿ ਜੇ ਕਾਂਗਰਸ ਸੱਚਮੁੱਚ ਲੋਕਾਂ ਦਾ ਭਲਾ ਕਰਨਾ ਚਾਹੁੰਦੀ ਹੈ ਤਾਂ ਜ਼ਮੀਨੀ ਪੱਧਰ ‘ਤੇ ਆਪਣੀਆਂ ਘੋਸ਼ਣਾਵਾਂ ਕਰਨ ਅਤੇ ਲੋਕ ਹਿੱਤਾਂ ਲਈ ਕੰਮ ਕਰਨ।