AAP Punjab incharge : ਨਵੀਂ ਦਿੱਲੀ : ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਕੌਮੀ ਰਾਜਧਾਨੀ ਵਿੱਚ ਸੰਘਰਸ਼ ਕਰ ਰਹੇ ਹਨ। ਇਸ ਵੇਲੇ ਆਮ ਜਨਤਾ ਦੇ ਨਾਲ-ਨਾਲ ਕਲਾਕਾਰ, ਖਿਡਾਰੀ ਸਭ ਕਿਸਾਨਾਂ ਨਾਲ ਨਿੱਤਰ ਆਏ ਹਨ। ਇਸੇ ਲੜੀ ਵਿੱਚ ਅੱਜ ‘ਆਮ ਆਦਮੀ ਪਾਰਟੀ’ ਦੇ ਦਿੱਲੀ ਵਿੱਚ ਤਿਲਕ ਨਗਰ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ: ਜਰਨੈਲ ਸਿੰਘ ਇਸ ਅੰਦੋਲਨ ਦੇ ਸਮਰਥਨ ਵਿੱਚ ਕਨਾਟ ਪਲੇਸ ਪਹੁੰਚੇ ਜਿਥੇ ਉਨ੍ਹਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਦਿੱਲੀ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਨੌਜਵਾਨਾਂ ਦੀ ਵੱਡੀ ਗਿਣਤੀ ਨਾਲ ਕਨਾਟ ਪਲੇਸ ਪਹੁੰਚੇ। ਇਸ ਬਾਰੇ ਪਤਾ ਲੱਗਦਿਆਂ ਹੀ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬੱਸ ਵਿੱਚ ਬਿਠਾ ਕੇ ਥਾਣੇ ਲੈ ਗਈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਕਨਾਟ ਪਲੇਸ ਵਿਖ਼ੇ ‘ਹਿਊਮਨ ਚੇਨ’ ਬਣਾਉਣ ਲਈ ਕੋਈ ਇਜਾਜ਼ਤ ਨਹੀਂ ਲਈ ਗਈ ਸੀ।
ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਕਿਸਾਨਾਂ ਦਾ ਗੁੱਸਾ ਦਿੱਲੀ-ਯੂਪੀ ਬਾਰਡਰ ‘ਤੇ ਦੇਖਿਆ ਗਿਆ ਸੀ। ਗਾਜ਼ੀਪੁਰ-ਗਾਜ਼ੀਆਬਾਦ ਸਰਹੱਦ ‘ਤੇ ਬੈਰੀਕੇਡ ਹਟਾਉਣ ਲਈ ਕਿਸਾਨ ਟਰੈਕਟਰਾਂ ਦੀ ਵਰਤੋਂ ਕੀਤੀ। ਉਥੇ ਹੀ ਪੁਲਿਸ ਨੇ ਅੱਜ ਹਰਿਆਣਾ ਦੇ ਨਾਲ ਲੱਗਦੀ ਦਿੱਲੀ ਦੀਆਂ ਸਿੰਘਾਂ ਅਤੇ ਟਿਕਰੀ ਸਰਹੱਦਾਂ ਨੂੰ ਅੱਜ ਲਗਾਤਾਰ ਦੂਜੇ ਦਿਨ ਬੰਦ ਕੀਤਾ ਹੋਇਆ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਕਿਹਾ ਹੈ ਕਿ ਦਿੱਲੀ ਤੋਂ ਹਰਿਆਣੇ ਜਾਣ ਲਈ, ਝਾਰੌਦਾ, ਧਨਸਾ, ਦੌਰਾਲਾ, ਕਪਾਸ਼ੇਰਾ, ਰਜੋਕਰੀ ਐਨ.ਐਚ.-8, ਬਿਜਵਾਸਨ, ਪਾਲਮ ਵਿਹਾਰ ਅਤੇ ਡੁੰਡੇਹੇੜਾ ਸਰਹੱਦ ਤੋਂ ਜਾਇਆ ਜਾ ਸਕਦਾ ਹੈ। ਇਹ ਸਰਹੱਦਾਂ ਖੁੱਲ੍ਹੀਆਂ ਹਨ। ਬਦੋਸਰਾਏ ਅਤੇ ਝਟੀਕਰਾ ਬਾਰਡਰ ਤੋਂ ਸਿਰਫ ਦੋ ਪਹੀਆ ਵਾਹਨ ਚਲਾਉਣ ਦੀ ਇਜਾਜ਼ਤ ਹੈ।
ਕਿਸਾਨਾਂ ਨਾਲ 3 ਦਸੰਬਰ ਗੱਲਬਾਤ ਕਰਨ ‘ਤੇ ਅੜੀ ਸਰਕਾਰ ਨੇ ਆਪਣੀ ਜ਼ਿੱਦ ਛੱਡ ਦਿੱਤੀ ਅਤੇ 1 ਦਸੰਬਰ ਨੂੰ ਭਾਵ ਅੱਜ ਦੁਪਹਿਰ 3 ਵਜੇ 32 ਕਿਸਾਨ ਸੰਗਠਨਾਂ ਦੇ ਨੇਤਾਵਾਂ ਨੂੰ ਗੱਲਬਾਤ ਲਈ ਵਿਗਿਆਨ ਭਵਨ ਬੁਲਾਇਆ ਗਿਆ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ 13 ਨਵੰਬਰ ਨੂੰ ਮੀਟਿੰਗ ਵਿੱਚ ਸ਼ਾਮਲ ਹੋਏ ਕਿਸਾਨ ਨੇਤਾਵਾਂ ਨੂੰ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਬਿੱਲਾਂ ਖ਼ਿਲਾਫ਼ ਪਹਿਲਾਂ ਹੀ ਪੰਜਾਬ ਵਿੱਚ ਮੁਜ਼ਾਹਰਾ ਚੱਲ ਰਿਹਾ ਸੀ, ਪਰ 6 ਦਿਨ ਪਹਿਲਾਂ ਪੰਜਾਬ-ਹਰਿਆਣਾ ਦੇ ਕਿਸਾਨ ਦਿੱਲੀ ਵਿੱਚ ਅੰਦੋਲਨ ਲਈ ਆਏ ਜਿਨ੍ਹਾਂ ਨੂੰ ਪੁਲਿਸ ਨੇ ਬਾਰਡਰ ‘ਤੇ ਹੀ ਰੋਕ ਲਿਆ ਸੀ।