AAP seeks protection : ਚੰਡੀਗੜ੍ਹ : ਆਮ ਆਦਮੀ ਪਾਰਟੀ ਆਗੂ ਹਰਪਾਲ ਸਿੰਘ ਚੀਮਾ ਆਪ ਉਮੀਦਵਾਰਾਂ ਲਈ ਸੁਰੱਖਿਆ ਦੀ ਮੰਗ ਕੀਤੀ, ਇਸ ਸੰਬੰਧੀ ਉਨ੍ਹਾਂ ਨੇ ਰਾਜ ਚੋਣ ਕਸ਼ਿਨਰ ਨੂੰ ਇੱਕ ਮੰਗ-ਪੱਤਰ ਦਿੱਤਾ। ‘ਆਪ’ ਉਮੀਦਵਾਰਾਂ ਉੱਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਹਮਲਿਆਂ ਦਾ ਮੁੱਦਾ ਚੁੱਕਦਿਆਂ ਉਨ੍ਹਾਂ ਚੋਣਾਂ ਵਿੱਚ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ। ਚੀਮਾ ਨੇ ਦੋਸ਼ ਲਗਾਇਆ ਕਿ ਸਥਾਨਕ ਸਰਕਾਰ ਦੀਆਂ ਚੋਣਾਂ ਵਿੱਚ ਕਾਗਜ਼ ਭਰਨ ਸਮੇਂ ਦੌਰਾਨ ਕਾਂਗਰਸ ਪਾਰਟੀ ਦੇ ਲੋਕਾਂ ਨੇ ਗੁੰਡਾਗਰਦੀ ਕੀਤੀ ਅਤੇ ਕਈ ਜ਼ਿਲ੍ਹਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਕਾਗਜ਼ ਭਰਨ ਤੋਂ ਰੋਕਿਆ ਗਿਆ।
ਉਨ੍ਹਾਂ ਕਿਹਾ ਕਿ ਜਲਾਲਾਬਾਦ, ਗੁਰੂ ਹਰਸਹਾਏ, ਜੀਰਾ, ਫਿਰੋਜ਼ਪੁਰ, ਜਗਰਾਉਂ, ਸੁਨਾਮ, ਭਿੱਖੀਵਿੰਡ, ਕੋਟ ਈਸੇ ਖਾਂ ਸਮੇਤ ਕਈ ਥਾਵਾਂ ਉੱਤੇ ‘ਆਪ’ ਉਮੀਦਵਾਰਾਂ ਨੂੰ ਡਰਾਉਣ, ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਲਾਲਾਬਾਦ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਨੇ ਪੁਲਿਸ ਦੀ ਮਦਦ ਨਾਲ ਸਾਡੇ ਉਮੀਦਵਾਰਾਂ ਤੋਂ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਹੀ ਕਾਗਜ਼ ਖੋਹ ਲਏ ਗਏ ਅਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।
ਚੀਮਾ ਨੇ ਕਿਹਾ ਕਿ ਜਲਾਲਾਬਾਦ ਨਗਰ ਪ੍ਰੀਸ਼ਦ ਦੇ ਆਮ ਆਦਮੀ ਪਾਰਟੀ ਦੇ ਐਸਡੀਐਮ ਦਫ਼ਤਰ ਜਾ ਰਹੇ ਸਾਰੇ 17 ਵਾਰਡ ਉਮੀਦਵਾਰ ਕਾਗਜ਼ ਦਾਖਲ ਕਰਨ ਉੱਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਅਤੇ ਹੋਰ ਦਸਤਾਵੇਜ ਖੋਹ ਕੇ ਉਨ੍ਹਾਂ ਨੂੰ ਧਮਕੀ ਦਿੱਤੀ ਗਈ। ਇਸ ਤੋਂ ਇਲਾਵਾ ਗੁਰੂ ਹਰਸਹਾਏ ਦੀ ਨਗਰ ਪਾਲਿਕ ਪਰਿਸ਼ਦ ਵਿੱਚ ਐਸਡੀਐਮ ਦਫ਼ਤਰ ਦੇ ਦਰਵਾਜੇ ਬੰਦ ਕਰ ਦਿੱਤੇ ਗਏ ਅਤੇ ‘ਆਪ’ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਲਈ ਦਫ਼ਤਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹੋਰ ਵੀ ਕਈ ਸ਼ਹਿਰਾਂ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਣ ਦੇ ਵੇਰਵੇ ਦਿੰਦਿਆਂ ਚੀਮਾ ਨੇ ਨਿਰਪੱਖ ਅਤੇ ਸੁਤੰਤਰ ਚੋਣਾਂ ਕਰਾਉਣ ਲਈ ਅਜਿਹੇ ਹਿੰਸਕ ਲੋਕਾਂ ਉੱਤੇ ਕਾਰਵਾਈ ਕਰਨ ਦੀ ਮੰਗ ਕਰਦਿਆਂ ‘ਆਪ’ ਦੇ ਉਮੀਦਵਾਰਾਂ ਲਈ ਸੁਰੱਖਿਆ ਦੀ ਮੰਗ ਕੀਤੀ।