Advisory issued to petrol pump : ਕੋਰੋਨਾ ਵਾਇਰਸ ਦੇ ਖਤਰੇ ਨੂੰ ਫੈਲਣ ਤੋਂ ਰੋਕਣ ਦੇ ਯਤਨਾਂ ਵਿਚ ਤੇਜ਼ੀ ਲਿਆਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਪੈਟਰੋਲ ਪੰਪ ਪ੍ਰਬੰਧਕਾਂ ਅਤੇ ਅਪਰੇਟਰਾਂ ਨੂੰ ਫਿਲਿੰਗ ਸਟੇਸ਼ਨਾਂ ਨੂੰ ਸਾਫ਼, ਸਵੱਛ ਅਤੇ ਰੋਗਾਣੂ-ਮੁਕਤ ਰੱਖਣ ਸਬੰਧੀ ਐਡਵਾੲਜ਼ਰੀ ਜਾਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦਸਿਆ ਕਿ ਸਰਕਾਰ ਨੇ ਪਟਰੋਲ ਪੰਪ ਪ੍ਰਬੰਧਕਾਂ/ਅਪਰੇਟਰਾਂ ਨੂੰ ਸਲਾਹ ਦਿਤੀ ਹੈ ਕਿ ਉਹ ਸਿਰਫ਼ ਲੋੜੀਂਦੇ ਸਟਾਫ਼ ਦੀ ਤਾਇਨਾਤੀ ਕਰਨ ਜਾਂ ਸਟਾਫ਼ ਨੂੰ ਸ਼ਿਫ਼ਟਾਂ ਵਿਚ ਬੁਲਾਇਆ ਕਰਨ ਤਾਂ ਜੋ ਸਟਾਫ ਦੇ ਵੱਧ ਹੋਣ ਨਾਲ ਇਕੱਠ ਤੋ ਬਚਿਆ ਜਾ ਸਕੇ।
ਬੁਲਾਰੇ ਨੇ ਅੱਗੇ ਕਿਹਾ ਹੈ ਕਿ ਤੇਜ਼ ਬੁਖਾਰ/ ਖੰਘ/ ਛਿੱਕਾਂ, ਸਾਹ ਲੈਣ ਵਿੱਚ ਤਕਲੀਫ ਆਦਿ ਲੱਛਣਾਂ ਤੋਂ ਪੀੜਤ ਕਰਮਚਾਰੀ ਨੂੰ ਖੁਦ ਇਸ ਦੀ ਰਿਪੋਰਟ ਪੈਟਰੋਲ ਪੰਪ ਦੇ ਮੈਨੇਜਰ ਨੂੰ ਦੇਣੀ ਚਾਹੀਦੀ ਹੈ ਅਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਸੂਬਾ ਸਰਕਾਰ ਨੇ ਪੈਟਰੋਲ ਪੰਪਾਂ ਨੂੰ ਕੀਟਾਣੂ-ਮੁਕਤ ਕਰਨ ਸਬੰਧੀ ਵੀ ਹਿਦਾਇਤਾਂ ਜਾਰੀ ਕੀਤੀਆਂ ਹਨ ਜਿਸ ਅਦੀਨ ਦਫਤਰੀ ਕੰਮਕਾਜ ਸ਼ੁਰੂ ਹੋਣ ਤੋਂ ਪਹਿਲਾਂ ਸਵੇਰੇ ਸਭ ਤੋਂ ਪਹਿਲਾਂ ਜਾਂ ਕੰਮਕਾਜ ਖ਼ਤਮ ਹੋਣ ਤੋਂ ਬਾਅਦ ਸ਼ਾਮ ਨੂੰ ਪੈਟਰੋਲ ਪੰਪ ਦੇ ਅੰਦਰ ਸਥਿਤ ਕਮਰਿਆਂ ਦੀ ਸਫਾਈ ਕੀਤੀ ਜਾਣੀ ਚਾਹੀਦੀ ਹੈ।
ਪੈਟਰੋਲ ਪੰਪ ਦੇ ਪ੍ਰਬੰਧਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਐਂਟਰੀ ਪੁਆਇੰਟਾਂ ’ਤੇ ਵਾਹਨ ਚਾਲਕਾਂ ਲਈ ਹੱਥਾਂ ਨੂੰ ਸਾਫ ਕਰਨ ਦੀ ਸਹੂਲਤ ਮੁਹੱਈਆ ਕਰਵਾਉਣ। ਵਾਹਨਾਂ ਦੇ ਰੋਗਾਣੂ-ਮੁਕਤ ਕਰਨ ਦੀ ਸਹੂਲਤ ਅਦਾਇਗੀ ਦੇ ਅਧਾਰ ’ਤੇ ਵੀ ਵਿਚਾਰੀ ਜਾ ਸਕਦੀ ਹੈ। ਜੇਕਰ ਪੈਟਰੋਲ/ ਡੀਜ਼ਲ ਟੈਂਕੀ ਨੂੰ ਚਾਬੀ ਰਾਹੀਂ ਖੋਲ੍ਹਿਆ ਜਾਂਦਾ ਹੈ ਤਾਂ ਤੇਲ ਪਾਉਣ ਵਾਲੇ ਕਰਮਚਾਰੀ ਨੂੰ ਚਾਬੀ ਵਰਤਣ ਤੋਂ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਧੋਣਾ ਜਾਂ ਸਾਫ ਕਰਨਾ ਚਾਹੀਦਾ ਹੈ। ਪੈਟਰੋਲ ਪੰਪਾਂ ਨੂੰ ਜਿਨ੍ਹਾ ਹੋ ਸਕੇ, ਡਿਜੀਟਲ ਲੈਣ-ਦੇਣ ਕਰਨ ਲਈ ਹੀ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਕਰਮਚਾਰੀਆਂ ਨੂੰ ਕਿਸੇ ਵੀ ਨਕਦ ਲੈਣ-ਦੇਣ ਤੋਂ ਪਹਿਲਾਂ ਅਤੇ ਬਾਅਦ ਵਿਚ ਤੁਰੰਤ ਆਪਣੇ ਹੱਥਾਂ ਨੂੰ ਸਾਫ਼ ਕਰਨਾ ਚਾਹੀਦਾ ਹੈ।