After defeating Corona 57 : ਅੱਜ ਫਤਿਹਗੜ੍ਹ ਸਾਹਿਬ ਤੇ ਖਮਾਣੋਂ ਤੋਂ 57 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਇਥੇ ਫਤਿਹਗੜ੍ਹ ਸਾਹਿਬ ਤੋਂ 46 ਅਤੇ ਖਮਾਣੋਂ ਤੋਂ 11 ਲੋਕਾਂ ਨੂੰ ਗਿਆਨ ਸਾਗਰ ਬਨੂੜ ਹਸਪਤਾਲ ਤੋਂ ਛੁੱਟੀ ਮਿਲੀ ਹੈ। ਦੱਸਣਯੋਗ ਹੈ ਕਿ ਫਤਿਹਗੜ੍ਹ ਸਾਹਿਬ ਤੋਂ 46 ਵਿਅਕਤੀ ਕੋਰੋਨਾ ਤੋਂ ਜੰਗ ਫਤਿਹ ਕਰਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਦੱਸਣਯੋਗ ਹੈ ਕਿ ਹੁਣ ਤੱਕ ਫਤਿਹਗੜ੍ਹ ਸਾਹਿਬ ’ਚ ਕੁਲ 56 ਕੇਸ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐਨਕੇ ਅਗਰਵਾਲ ਨੇ ਦੱਸਿਆ ਕਿ ਇਹ ਮਰੀਜ਼ ਬਨੂੜ ਦੇ ਗਿਆਨ ਸਾਗਰ ਹਸਪਤਾਲ ’ਚ ਦਾਖਲ ਸਨ। ਉਨ੍ਹਾਂ ਦੱਸਿਆ ਕਿ ਫਤਿਹਗੜ੍ਹ ਸਾਹਿਬ ਤੋਂ ਇਨ੍ਹਾਂ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਹੁਣ ਜ਼ਿਲੇ ਵਿਚ 10 ਐਕਟਿਵ ਕੇਸ ਬਾਕੀ ਰਹਿ ਗਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਪਾਲਿਸੀ ਅਧੀਨ ਇਨ੍ਹਾਂ ਵਿਅਕਤੀਆਂ ਨੂੰ ਹਸਪਤਾਲਾਂ ’ਚੋਂ ਡਿਸਚਾਰਜ ਕੀਤਾ ਗਿਆ ਹੈ, ਜਿਸ ਅਧੀਨ ਤਿੰਨ ਦਿਨਾਂ ਤੱਕ ਬਿਨਾਂ ਕੋਰੋਨਾ ਲੱਛਣ ਵਾਲੇ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਜਾਂਦੀ ਹੈ ਅਤੇ ਕੋਰੋਨਾ ਪਾਜ਼ੀਟਿਵ ਲੱਛਣ ਵਾਲਿਆਂ ਨੂੰ 10 ਦਿਨਾਂ ਵਿਚ ਕੋਈ ਲੱਛਣ ਨਾ ਮਿਲਣ ’ਤੇ ਬਿਨਾਂ ਟੈਸਟ ਦੇ ਛੁੱਟੀ ਦਿੱਤੀ ਜਾਂਦੀ ਹੈ।
ਖਮਾਣੋਂ ’ਚ ਸਰਕਾਰੀ ਹਸਪਤਾਲ ਦੀ ਲੇਡੀ ਡਾਕਟਰ ਸਣੇ 11 ਵਿਅਕਤੀਆਂ ਨੂੰ ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਕੇ ਘਰਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਇਹ ਮਰੀਜ਼ ਗਿਆਨ ਸਾਗਰ ਹਸਪਤਾਲ ਬਨੂੜ ਵਿਚ ਦਾਖਲ ਸਨ, ਜਦਕਿ ਇਕ ਵਿਅਕਤੀ ਦਾ ਇਲਾਜ ਗੁਰਦਾਸਪੁਰ ਦੇ ਹਸਪਤਾਲ ਵਿਚ ਚੱਲ ਰਿਹਾ ਸੀ। ਇਸ ਸਬੰਧੀ ਸਰਕਾਰੀ ਹਸਪਤਾਲ ਖਮਾਣੋਂ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਭਜਨ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਲਹਾਲ ਛੁੱਟੀ ਮਿਲਣ ਤੋਂ ਬਾਅਦ ਸਾਰੇ ਮਰੀਜ਼ਾਂ ਨੂੰ ਘਰਾਂ ਵਿਚ ਹੀ 7 ਦਿਨਾਂ ਲਈ ਇਕਾਂਤਵਾਸ ਵਿਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਵਿਚ ਖਮਾਣੋਂ ਹਸਪਤਾਲ ਦੀ ਇਕ ਲੇਡੀ ਡਾਕਟਰ, ਪਿੰਡ ਲਖਨਪੁਰ ਤੋਂ ਇਕ ਮਰੀਜ਼, ਖਮਾਣੋਂ ਦੇ ਵੱਖ-ਵੱਖ ਵਾਰਡਾਂ ਤੋਂ 4 ਮਰੀਜ਼, ਪਿੰਡ ਖੰਟ ਦੇ 4 ਮਰੀਜ਼ ਤੇ ਪਿੰਡ ਸੰਘੋਲ ਤੋਂ ਦੋ ਮਰੀਜ਼ ਸ਼ਾਮਲ ਹਨ।