Akali Dal demands dismissal of Minister Randhawa : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਸਹਿਕਾਰਤਾ ਸੁਖਜਿੰਦਰ ਰੰਧਾਵਾ ਨੁੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੇ ਸਰਕਾਰੀ ਪੀਏ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਹੋਇਆ ਹੈ। ਪਾਰਟੀ ਨੇ ਕਿਹਾ ਕਿ ਉਨ੍ਹਾਂ ਦੇ ਦਫਤਰ ਵਿਚ ਚੱਲ ਰਹੀਆਂ ਭ੍ਰਿਸ਼ਟ ਗਤੀਵਿਧੀਆਂ ਤੋਂ ਉਨ੍ਹਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ।
ਇਥੇ ਜਾਰੀ ਕੀਤੇ ਇੱਕ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੰਤਰੀ ਦੇ ਪਰਸਨਲ ਅਸਿਸਟੈਂਟ ਵੱਲੋਂ 74 ਲੱਖ ਰੁਪਏ ਦੀ ਖੰਡ ਦੀ ਡਿਲੀਵਰੀ ਦੇ ਮਾਮਲੇ ਵਿੱਚ ਕੀਤੀ ਧੋਖਾਧੜੀ ‘ਚ ਸੁਖਜਿੰਦਰ ਰੰਧਾਵਾ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ। ਇਸ ਮਾਮਲੇ ਵਿਚ 57 ਲੱਖ ਰੁਪਏ ਦੀ ਅਦਾਇਗੀ ਹੋਣ ਦੀ ਗੱਲ ਸਾਹਮਣੇ ਆਈ ਹੈ।
ਉਨ੍ਹਾਂ ਕਿਹਾ ਕਿ ਕੱਲ੍ਹ ਹਾਈ ਕੋਰਟ ਵਿਚ ਵੀ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੂਬੇ ਨੁੰ ਮਾਮਲੇ ਦੀ ਪੜਤਾਲ ਲਈ ਐਸਆਈਟੀ ਗਠਿਤ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕੇਸ ਵਿਚ ਸ਼ਾਮਲ ਮੁਲਜ਼ਮ ਕਿਵੇਂ ਵੱਖ-ਵੱਖ ਮਾਮਲਿਆਂ ਵਿੱਚ ਵਾਰ-ਵਾਰ ਠੱਗੀਆਂ ਮਾਰ ਰਹੇ ਹਨ। ਹਾਈਕੋਰਟ ਨੇ ਸਰਕਾਰ ਨੂੰ ਇਹ ਵੀ ਪੁੱਛਿਆ ਹੈ ਕਿ ਮੰਤਰੀ ਦਾ ਪੀਏ ਜੋ ਕਿ ਇਸ ਧੋਖਾਧੜੀ ਮਾਮਲੇ ਦਾ ਮੁੱਖ ਸਾਜ਼ਿਸ਼ਕਾਰ ਹੈ, ਨੁੰ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ।
ਡਾ. ਚੀਮਾ ਨੇ ਕਿਹਾ ਕਿ ਸਰਕਾਰ ਲੋਕਾਂ ਤੋਂ ਕੇਸ ਦੀ ਸੱਚਾਈ ਲੁਕਾ ਰਹੀ ਹੈ। ਉਨ੍ਹਾਂ ਕਿਹਾ ਕਿ ਧੋਖਾਧੜੀ ਦਾ ਇਹ ਮਾਮਲਾ ਸਾਹਮਣੇ ਆਏ ਨੂੰ ਕਈ ਦਿਨ ਲੰਘ ਗਏ ਹਨ ਤੇ ਇਹ ਵੀ ਸਾਹਮਣੇ ਆਇਆ ਹੈ ਕਿ ਸੁਖਜਿੰਦਰ ਰੰਧਾਵਾ ਦਾ ਪੀਏ ਅਜਿਹੇ ਸੌਦੇ ਕਰਨ ਵਾਸਤੇ ਮੰਤਰੀ ਦੇ ਦਫਤਰ ਦੀ ਵਰਤੋਂ ਕਰਦਾ ਸੀ। ਉਨ੍ਹਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਸਰਕਾਰ ਕੇਸ ਵਿਚ ਸੁਸਤ ਰਫਤਾਰ ਨਾਲ ਕਾਰਵਾਈ ਕਰ ਰਹੀ ਹੈ ਅਤੇ ਪੀਏ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਪੱਸ਼ਟ ਹੈ ਕਿ ਮੰਤਰੀ ਆਪਣੇ ਪੀਏ ਦਾ ਬਚਾਅ ਕਰ ਰਿਹਾ ਹੈ ਤਾਂ ਜੋ ਮੰਤਰੀ ਦੇ ਸ਼ਮੂਲੀਅਤ ਦੇ ਸੱਚ ਸਾਹਮਣੇ ਨਾ ਆ ਸਕਣ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਕੋਵਿਡ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਮੁਹੱਈਆ ਕਰਵਾਏ ਮੁਫਤ ਇਲਾਜ : ਸੁਖਬੀਰ ਬਾਦਲ
ਅਕਾਲੀ ਆਗੂ ਨੇ ਕਿਹਾ ਕਿ ਮਾਮਲੇ ਦੀ ਆਜ਼ਾਦ ਤੇ ਨਿਰਪੱਖ ਜਾਂਚ ਕਰਵਾਈ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸੁਖਜਿੰਦਰ ਰੰਧਾਵਾ ਆਪਣੇ ਅਹੁਦੇ ’ਤੇ ਬਣੇ ਰਹਿਣਗੇ, ਕੇਸ ਦੀ ਸਹੀ ਜਾਂਚ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਂਚ ਯਕੀਨੀ ਬਣਾਉਣ ਲਈ ਰੰਧਾਵਾ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੇਸ ਦੀ ਜਾਂਚ ਲਈ ਐਸਆਈਟੀ ਬਣਾਈ ਜਾ ਰਹੀ ਹੈ ਪਰ ਪੁਲਿਸ ਤੋਂ ਮੰਤਰੀ ਦੇ ਖਿਲਾਫ ਕਾਰਵਾਈ ਕਰਨ ਦੀ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਜ਼ਰੂਰੀ ਹੈ ਕਿ ਪਹਿਲਾਂ ਰੰਧਾਵਾ ਨੂੰ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ ਤੇ ਫਿਰ ਜਾਂਚ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਖਿਲਾਫ ਸਬੂਤ ਸਾਹਮਣੇ ਆ ਸਕਣ।