ਟਾਂਡਾ-ਹੁਸ਼ਿਆਰਪੁਰ ਰੋਡ ‘ਤੇ ਪਿੰਡ ਰਾਮਪੁਰ ਨੇੜੇ ਸਵਾਰੀਆਂ ਨਾਲ ਭਰੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 30 ਲੋਕ ਜ਼ਖਮੀ ਹੋ ਗਏ। ਜਦਕਿ ਇਕ ਦੀ ਮੌਤ ਹੋ ਗਈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੁਧਿਆਣਾ ਤੋਂ ਗੁਰਦਾਸਪੁਰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਹੁਸ਼ਿਆਰਪੁਰ ਅਤੇ ਟਾਂਡਾ ਦੇ ਰਸਤੇ ‘ਤੇ ਸਕੂਟੀ ਨੂੰ ਟੱਕਰ ਮਾਰਦੇ ਹੋਏ ਟਕਰਾ ਗਈ। ਇਸ ਕਾਰਨ ਸਕੂਟੀ ਸਵਾਰ ਸੁਖਜਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਕੰਧਾਲਾ ਜੱਟਾ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ 30 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ।
ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਦੋ ਹਿੱਸਿਆਂ ਵਿੱਚ ਟੁੱਟ ਗਿਆ। ਇਸ ਕਾਰਨ ਯਾਤਰੀ ਬੁਰੀ ਤਰ੍ਹਾਂ ਫਸ ਗਏ ਅਤੇ ਇੱਕ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਰਾਹਗੀਰਾਂ ਅਤੇ ਆਸ-ਪਾਸ ਦੇ ਲੋਕਾਂ ਨੇ ਬੱਸ ਨੂੰ ਜੇਸੀਬੀ ਨਾਲ ਕੱਟ ਕੇ ਸਵਾਰੀਆਂ ਨੂੰ ਬਾਹਰ ਕੱਢਿਆ।। ਅੱਠ ਸਾਲਾਂ ਦੀ ਲੜਕੀ ਅਤੇ ਔਰਤ ਬੱਸ ਦੇ ਇੰਜਣ ਅਤੇ ਸੀਟ ਵਿਚ ਫਸ ਗਈਆਂ, ਜਿਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਟਾਂਡਾ ਅਤੇ ਹੁਸ਼ਿਆਰਪੁਰ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਦਲਜੀਤ ਸਿੰਘ ਗਰੇਵਾਲ ਭੋਲਾ ਦਾ ਕਾਂਗਰਸ ਤੋਂ ਅਸਤੀਫਾ, ਕਿਹਾ-ਗਲਤ ਨੀਤੀਆਂ ਕਰਕੇ ਛੱਡੀ ਪਾਰਟੀ
ਜ਼ਖਮੀਆਂ ਵਿਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਬੱਸ ਚਾਲਕ ਅਤੇ ਕੰਡਕਟਰ ਬੱਸ ਛੱਡ ਕੇ ਫਰਾਰ ਹੋ ਗਏ। ਥਾਣਾ ਬੁੱਲੋਵਾਲ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬੱਸ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਹਸਪਤਾਲ ਵਿਚ ਜ਼ੇਰੇ ਇਲਾਜ ਜਤਿੰਦਰ ਸਿੰਘ ਨੇ ਦੱਸਿਆ ਕਿ ਬੱਸ ਲੁਧਿਆਣਾ ਤੋਂ ਗੁਰਦਾਸਪੁਰ ਜਾ ਰਹੀ ਸੀ। ਰਸਤੇ ਵਿਚ ਡਰਾਈਵਰ ਬਹੁਤ ਤੇਜ਼ ਬੱਸ ਚਲਾ ਰਿਹਾ ਸੀ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਬੱਸ ਹੌਲੀ ਚਲਾਓ ਪਰ ਉਸਨੇ ਜਵਾਬ ਦਿੱਤਾ ਕਿ ਇਹ ਉਸ ਦਾ ਰੋਜ਼ਾਨਾ ਕੰਮ ਹੈ, ਇਸ ਤੋਂ ਬਾਅਦ ਉਹ ਚੁੱਪ ਹੋ ਗਿਆ। ਹਾਦਸਾ ਉਸ ਸਮੇਂ ਹੋਇਆ ਜਦੋਂ ਬੱਸ ਹੁਸ਼ਿਆਰਪੁਰ ਦੇ ਰਸਤੇ ਸਰਾਂ ਦੇ ਨਜ਼ਦੀਕ ਪਹੁੰਚੀ। ਜੇ ਬੱਸ ਦੀ ਰਫਤਾਰ ਘੱਟ ਹੁੰਦੀ, ਤਾਂ ਹਾਦਸਾ ਨਾ ਵਾਪਰਦਾ।