Another Corona Positive patient : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਬਠਿੰਡਾ ਵਿਚ ਕੋਰੋਨਾ ਵਾਇਰਸ ਦੇ ਇਕ ਹੋਰ ਪਾਜ਼ੀਟਿਵ ਮਾਮਲੇ ਦੀ ਪੁਸ਼ਟੀ ਹੋਈ ਹੈ। ਇਹ ਵਿਅਕਤੀ ਨਾਂਦੇੜ ਸਾਹਿਬ ਤੋਂ ਪੰਜਾਬ ਵਾਪਿਸ ਪਰਤਿਆ ਸੀ, ਦੱਸਣਯੋਗ ਹੈ ਕਿ ਇਸ ਨੂੰ ਕੋਰੋਨਾ ਪਾਜ਼ੀਟਿਵ ਮਰੀਜ਼ ਨੂੰ ਪਹਿਲਾਂ ਤੋਂ ਹੀ ਇਕਾਂਤਵਾਸ ਵਿਚ ਰਖਿਆ ਗਿਆ ਸੀ। ਬੀਤੀ ਦੇਰ ਰਾਤ ਉਕਤ ਵਿਅਕਤੀ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਬਾਹਰਲੇ ਸੂਬਿਆਂ ਤੋਂ ਬਠਿੰਡਾ ਵਿਚ ਵੀ ਕੁਝ ਵਿਅਕਤੀਆਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ। ਬੀਤੀ 11 ਮਈ ਨੂੰ 76 ਨਵੇਂ ਸੈਂਪਲ ਭੇਜੇ ਗਏ ਸਨ, ਜਦਕਿ ਇਕ ਪਹਿਲਾਂ ਤੋਂ ਹੀ ਰਹਿੰਦਾ ਸੀ।
ਜ਼ਿਕਰਯੋਗ ਹੈ ਕਿ ਇਸ ਨਵੇਂ ਸਾਹਮਣੇ ਆਏ ਮਾਮਲੇ ਨਾਲ ਜ਼ਿਲੇ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 42 ਹੋ ਗਈ ਹੈ, ਜਿਨ੍ਹਾਂ ਵਿਚੋਂ ਇਕ ਵਿਅਕਤੀ ਦੂਸਰੇ ਜ਼ਿਲੇ ਦਾ ਵੀ ਹੈ, ਪਰ ਉਸ ਦਾ ਇਲਾਜ ਬਠਿੰਡਾ ਵਿਚ ਹੀ ਚੱਲ ਰਿਹਾ ਹੈ। ਇਸ ਤਰ੍ਹਾਂ ਬਠਿੰਡਾ ਦੇ ਕੁਲ 41 ਮਾਮਲਿਆਂ ਵਿਚੋਂ 40 ਕੋਰੋਨਾ ਪਾਜ਼ੀਟਿਵ ਮਰੀਜ਼ ਬਾਹਰਲੇ ਸੂਬਿਆਂ ਤੋਂ ਪੰਜਾਬ ਵਾਪਿਸ ਪਰਤੇ ਸਨ। ਇਨ੍ਹਾਂ ਨੂੰ ਪਹਿਲਾਂ ਤੋਂ ਹੀ ਇਕਾਂਤਵਾਸ ਵਿਚ ਰਖਿਆ ਗਿਆ ਸੀ, ਜਦੋਂਕਿ ਇਕ ਔਰਤ ਬਠਿੰਡਾ ਸ਼ਹਿਰ ਦੀ ਹੈ, ਜੋ ਕੋਰੋਨਾ ਪਾਜ਼ੀਟਿਵ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਪੰਜਾਬ ਵਿਚ ਮਾਮਲਿਆਂ ਵਿਚ ਵੱਡੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਤੇ ਇਸ ਦੇ ਵਧੇਰੇ ਮਾਮਲੇ ਦੂਸਰੇ ਸੂਬਿਆਂ ਤੋਂ ਪਰਤੇ ਲੋਕਾਂ ਨਾਲ ਸਬੰਧਤ ਹਨ। ਕੋਰੋਨਾ ਵਾਇਰਸ ਨਾਲ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਦੇ 1970 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।