Anthony Fauci warns US: ਵਾਸ਼ਿੰਗਟਨ: ਅਮਰੀਕੀ ਸਰਕਾਰ ਦੇ ਚੋਟੀ ਦੇ ਮਾਹਰ ਡਾ. ਐਂਥਨੀ ਫੌਸੀ ਨੇ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇ ਘਰਾਂ ਵਿੱਚ ਰਹਿਣ ਦੇ ਆਦੇਸ਼ ਨੂੰ ਤੁਰੰਤ ਵਾਪਸ ਲਿਆ ਗਿਆ ਤਾਂ ਸਥਿਤੀ ਬਦਲ ਸਕਦੀ ਹੈ । ਕੋਰੋਨਾ ਵਾਇਰਸ ਪਹਿਲਾਂ ਨਾਲੋਂ ਕਈ ਹੋਰ ਮੌਤਾਂ ਅਤੇ ਵਿੱਤੀ ਨੁਕਸਾਨ ਦਾ ਕਾਰਨ ਬਣ ਸਕਦਾ ਹੈ । ਫੌਸੀ ਨੇ ਸੀਨੇਟ ਕਮੇਟੀ ਅਤੇ ਦੇਸ਼ ਨੂੰ ਚੇਤਾਵਨੀ ਦਿੱਤੀ ਕਿ ਇਸਦਾ ਅਸਲ ਵਿੱਚ ਖ਼ਤਰਾ ਹੈ ਅਤੇ ਛੂਤ ਦੀਆਂ ਬਿਮਾਰੀਆਂ ਦਾ ਅਜਿਹਾ ਦੌਰ ਸ਼ੁਰੂ ਹੋ ਜਾਵੇਗਾ ਕਿ ਤੁਸੀਂ ਇਸ ‘ਤੇ ਕਾਬੂ ਨਹੀਂ ਰੱਖ ਸਕੋਗੇ ।
ਉਨ੍ਹਾਂ ਦਾ ਇਹ ਬਿਆਨ ਰਾਸ਼ਟਰਪਤੀ ਟਰੰਪ ਦੇ ਰਵੱਈਏ ਤੋਂ ਬਿਲਕੁਲ ਵੱਖਰਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹ ਤੁਹਾਨੂੰ ਬਹੁਤ ਪਿੱਛੇ ਧੱਕ ਸਕਦਾ ਹੈ, ਜਾਨ ਅਤੇ ਸੰਪਤੀ ਦਾ ਇੰਨਾ ਨੁਕਸਾਨ ਕਰ ਸਕਦਾ ਹੈ ਕਿ ਇਸਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ. ਵਿੱਤੀ ਤੌਰ ‘ਤੇ ਮੁੜ ਕਾਬਲ ਬਣਨ ਦੀਆਂ ਤੁਹਾਡੀਆਂ ਕੋਸ਼ਿਸ਼ਾਂ ‘ਤੇ ਪਾਣੀ ਫੇਰ ਸਕਦਾ ਹੈ ਅਤੇ ਤੁਹਾਨੂੰ ਸੜਕ ‘ਤੇ ਲਿਆ ਕੇ ਖੜ੍ਹਾ ਕਰ ਸਕਦਾ ਹੈ ।
ਇਸ ਤੋਂ ਇਲਾਵਾ ਉਨ੍ਹਾਂ ਨੇ ਸੀਨੇਟ ਮੈਂਬਰਾਂ ਨਾਲ ਕੋਵਿਡ -19 ਟੀਕੇ ਦੇ ਵਿਕਾਸ ਨਾਲ ਜੁੜੀਆਂ ਕੁਝ ਮਹੱਤਵਪੂਰਣ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ । ਉਨ੍ਹਾਂ ਨੇ ਟੀਕਿਆਂ ਦੇ ਵਿਕਾਸ ਪ੍ਰਤੀ ਇੱਕ ਆਸ਼ਾਵਾਦੀ ਰਵੱਈਆ ਅਪਣਾਉਂਦੇ ਹੋਏ ਸਮਾਂ ਸੀਮਾ ਵੀ ਦੱਸੀ ਅਤੇ ਕਿਹਾ ਕਿ ਇਸ ਵੇਲੇ ਘੱਟੋ-ਘੱਟ ਅੱਠ ਟੀਕੇ ਵਿਕਾਸ ਅਧੀਨ ਹਨ । ਦਰਅਸਲ, ਅਮਰੀਕਾ ਦੇ 24 ਤੋਂ ਵੱਧ ਰਾਜਾਂ ਨੇ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਪਹਿਲੇ ਕਦਮ ਵਜੋਂ ਲਾਕਡਾਊਨ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ । ਵਿਸ਼ਵਵਿਆਪੀ ਮਹਾਂਮਾਰੀ ਦੀ ਗੰਭੀਰਤਾ ‘ਤੇ ਜ਼ੋਰ ਦਿੰਦਿਆਂ ਫੌਸੀ ਅਤੇ ਹੋਰ ਮਾਹਰਾਂ ਨੇ ਬਿਆਨ ਦਿੱਤਾ ਹੈ ।
ਦੱਸ ਦੇਈਏ ਕਿ ਲਾਕਡਾਊਨ ਕਾਰਨ ਅਮਰੀਕਾ ਵਿੱਚ 3 ਕਰੋੜ ਤੋਂ ਵੱਧ ਲੋਕਾਂ ਦੀ ਬੇਰੁਜ਼ਗਾਰੀ ਕਾਰਨ ਟਰੰਪ ਰਾਜਾਂ ਨੂੰ ਮੁੜ ਖੋਲ੍ਹਣ ‘ਤੇ ਜ਼ੋਰ ਦੇ ਰਹੇ ਹਨ । ਇੱਕ ਤਾਜ਼ਾ ਮੁਲਾਂਕਣ ਦੇ ਅਨੁਸਾਰ 17 ਰਾਜਾਂ ਜਿਨ੍ਹਾਂ ਨੇ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ ਉਹ ਵ੍ਹਾਈਟ ਹਾਊਸ ਦੇ ਮਹੱਤਵਪੂਰਣ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ, ਯਾਨੀ ਨਵੇਂ ਕੇਸਾਂ ਜਾਂ ਸੰਕਰਮਣਾਂ ਦੀ ਦਰ ਵਿੱਚ ਲਗਾਤਾਰ 14 ਦਿਨਾਂ ਤੱਕ ਕੋਈ ਗਿਰਾਵਟ ਨਹੀਂ ਆਈ ਹੈ ।