Appeal to Akali Dal party workers : ਚੰਡੀਗੜ੍ਹ : ਕਿਸਾਨ ਅੰਦੋਲਨ ਨੂੰ ਹੁਲਾਰਾ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣੇ ਪਾਰਟੀ ਵਰਕਰਾਂ ਨੁੰ ਵੱਡੀ ਗਿਣਤੀ ਵਿਚ ਦਿੱਲੀ ਦੇ ਬਾਰਡਰਾਂ ’ਤੇ ਤਿੰਨ ਧਰਨਿਆਂ ਵਾਲੀ ਥਾਂ ’ਤੇ ਤੁਰੰਤ ਪਹੁੰਚਣ ਦਾ ਸੱਦਾ ਦਿੱਤਾ। ਮਜੀਠੀਆ ਨੇ ਅੰਦੋਲਨ ਤੋਂ ਵਾਪਿਸ ਪਰਤੇ ਪਾਰਟੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਿੰਘੂ, ਟਿਕਰੀ ਤੇ ਗਾਜ਼ੀਪੁਰ ਵਿਚ ਧਰਨੇ ਵਾਲੀਆਂ ਥਾਵਾਂ ’ਤੇ ਤੁਰੰਤ ਵਾਪਸ ਪਰਤਣ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰਿਆਣਾ ਦੀ ਭਾਜਪਾ ਸਰਕਾਰ ਨਾਲ ਰਲ ਕੇ ਕਿਸਾਨ ਅੰਦੋਲਨ ਨੂੰ ਕੁਚਲਨਾ ਚਾਹੁੰਦੀ ਹੈ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਅੰਨਦਾਤਾ ਦੀ ਆਵਾਜ਼ ਦਬਾਉਣ ਦੀ ਨਫਰਤ ਭਰੀ ਯੋਜਨਾ ਸਫਲ ਨਾ ਹੋਵੇ ਅਤੇ 80 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਕਿਵੇ ਵੀ ਕੀਮਤ ’ਤੇ ਅਜਾਈਂ ਨਾ ਜਾਵੇ। ਇਸ ਦੇ ਨਾਲ ਹੀ ਅਕਾਲੀ ਆਗੂ ਨੇ ਕਿਸਾਨਾਂ ਨੂੰ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਦੀ ਵੀ ਅਪੀਲ ਕੀਤੀ।
ਅਕਾਲੀ ਆਗੂ ਨੇ ਕੱਲ੍ਹ ਗਾਜ਼ੀਪੁਰ ਵਿਚ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਗੈਰ ਸਮਾਜੀ ਅਨਸਰ ਖੁਲ੍ਹੇ ਛੱਡਣ ਦੀ ਵੀ ਨਿਖੇਧੀ ਕੀਤੀ । ਉਹਨਾਂ ਕਿਹਾ ਕਿ ਅਜਿਹੇ ਹੀ ਯਤਨ ਅੱਜ ਸਿੰਘੂ ਵਿਖੇ ਵੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੀ ਜਿੱਤ ਯਕੀਨੀ ਬਣਾਉਣ ਲਈ ਕੋਈ ਵੀ ਕੁਰਬਾਨੀ ਵੱਡੀ ਨਹੀਂ ਹੈ ਤੇ ਅਸੀਂ ਸ਼ਾਂਤੀ ਤੇ ਫਿਰਕੂ ਸਦਭਾਵਨਾ ਵੀ ਭੰਗ ਨਾ ਹੋਣਾ ਯਕੀਨੀ ਬਣਾਉਣਾ ਹੈ। ਅਕਾਲੀ ਆਗੂ ਨੇ ਜਲ ਸਪਲਾਈ ਕੱਟ ਦੇਣ ਤੇ ਬਿਜਲੀ ਸਪਲਾਈ ਕੱਟਣ ਦੇਣ ਅਤੇ ਖਾਣਾ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਵਰਗੇ ਧੱਕੇਸ਼ਾਹੀ ਵਾਲੇ ਕਦਮਾਂ ਲਈ ਕੇਂਦਰ ਸਰਕਾਰ ਦੀ ਨਿੰਦਾ ਕੀਤੀ।
ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਵਿਚਾਲੇ ਸਿੰਘੂ ਬਾਰਡਰ ‘ਤੇ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਿਥੇ ਕੁਝ ਲੋਕਾਂ ਨੇ ਕਿਸਾਨਾਂ ਦੇ ਟੈਂਟਾਂ ਤੱਕ ਪਹੁੰਚ ਕੇ ਉਨ੍ਹਾਂ ਦੇ ਜਰੂਰਤ ਦੀ ਸਮਾਨ ਦੀ ਭੰਨਤੋੜ ਕਰਨੀ ਸ਼ੁਰੂ ਦਿੱਤੀ। ਜਿਸ ਤੋਂ ਬਾਅਦ ਕਿਸਾਨਾਂ ਤੇ ਲੋਕਾਂ ਵਿਚਾਲੇ ਝੜਪ ਹੋ ਗਈ। ਇਸ ਝੜਪ ਦੌਰਾਨ ਪੱਥਰਬਾਜ਼ੀ ਵੀ ਕੀਤੀ ਗਈ। ਇਸ ਝੜਪ ਨੂੰ ਰੋਕਣ ਲਈ ਪੁਲਿਸ ਵੱਲੋਂ ਵੀ ਕੋਸ਼ਿਸ਼ ਕੀਤੀ ਗਈ। ਪਰ ਜਦੋਂ ਉਥੇ ਹਾਲਾਤ ਬੇਕਾਬੂ ਹੁੰਦੇ ਹੋਏ ਦਿਖਾਈ ਦਿੱਤੇ ਤਾਂ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ। ਇਸ ਝੜਪ ਦੌਰਾਨ ਬਹੁਤ ਸਾਰੇ ਲੋਕਾਂ ਦੇ ਨਾਲ-ਨਾਲ ਪੁਲਿਸ ਵਾਲਿਆਂ ਨੂੰ ਸੱਟਾਂ ਲੱਗੀਆਂ ਹਨ। ਵੀਰਵਾਰ ਨੂੰ ਵੀ ਸਥਾਨਕ ਲੋਕਾਂ ਨੇ ਸਿੰਘੂ ਬਾਰਡਰ ‘ਤੇ ਧਰਨੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਸੀ।