ਲੁਧਿਆਣਾ ਦੇ ਕਸਬੇ ਜਗਰਾਓਂ ਵਿੱਚ ਦੇਰ ਸ਼ਾਮ 7.30 ਵਜੇ ਦੇ ਕਰੀਬ ਇੱਕ ਬੰਦੂਕ ਵਿੱਚੋਂ ਅਚਾਨਕ ਗੋਲੀ ਚੱਲਣ ਨਾਲ ASI ਜ਼ਖਮੀ ਹੋ ਗਿਆ। ਉਸ ਦੇ ਸਾਥੀ ਉਸ ਨੂੰ ਹਸਪਤਾਲ ਲੈ ਗਏ, ਜਿਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਏਐਸਆਈ ਕਵਿੱਕ ਰਿਸਪਾਂਸ ਟੀਮ ਵਿੱਚ ਤਾਇਨਾਤ ਸੀ ਅਤੇ ਡਿਊਟੀ ’ਤੇ ਜਾਣ ਤੋਂ ਅੱਧਾ ਘੰਟਾ ਪਹਿਲਾਂ ਆਪਣੀ ਬੰਦੂਕ ਦੀ ਚੈੱਕ ਕਰ ਰਿਹਾ ਸੀ ਕਿ ਹਾਦਸਾ ਵਾਪਰ ਗਿਆ।
ਦੱਸ ਦੀਏ ਕਿ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਕਾਂਗਰਸ ਦੇ ਕਾਰਜਕਾਲ ਦੌਰਾਨ ਕਵਿੱਕ ਰਿਸਪਾਂਸ ਟੀਮ ਬਣਾਈ ਗਈ ਸੀ। ਮ੍ਰਿਤਕ ਏ.ਐਸ.ਆਈ. ਬੁਲੇਟ ਪਰੂਫ ਗੱਡੀ ਵਿੱਚ ਸਵਾਰ ਹੋ ਕੇ ਗਸ਼ਤ ਕਰਦਾ ਸੀ। ਮ੍ਰਿਤਕ ਦੀ ਪਛਾਣ ਕੁਲਜੀਤ ਸਿੰਘ (50) ਵਜੋਂ ਹੋਈ ਹੈ। ਗੋਲੀ ਚੱਲਣ ਦੀ ਸੂਚਨਾ ਜਿਵੇਂ ਹੀ ਪੁਲਿਸ ਲਾਈਨ ਪੁੱਜੀ ਤਾਂ ਪੁਲਿਸ ਮੁਲਾਜ਼ਮਾਂ ‘ਚ ਭਾਜੜਾਂ ਮਚ ਗਈਆਂ। ਜਦੋਂ ਮੁਲਾਜ਼ਮਾਂ ਨੇ ਕੁਲਜੀਤ ਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਹ ਹੱਕੇ-ਬੱਕੇ ਰਹਿ ਗਏ।
ਕੁਲਜੀਤ ਨੂੰ ਗੋਲੀ ਲੱਗੀ ਸੀ ਅਤੇ ਉਹ ਜ਼ਮੀਨ ‘ਤੇ ਡਿੱਗਿਆ ਹੋਇਆ ਸੀ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਕੁਲਜੀਤ ਨੂੰ ਹਸਪਤਾਲ ਪਹੁੰਚਾਇਆ, ਪਰ ਜਲਦ ਹੀ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਕੁਲਜੀਤ ਦੀ ਡਿਊਟੀ 8 ਵਜੇ ਸ਼ੁਰੂ ਹੋਣੀ ਸੀ।
ਡੀਐਸਪੀ ਸਤਵਿੰਦਰ ਸਿੰਘ ਨੇ ਕਿਹਾ ਕਿ ਸਾਰੇ ਪੁਲਿਸ ਮੁਲਾਜ਼ਮ ਡਿਊਟੀ ’ਤੇ ਜਾਣ ਤੋਂ ਪਹਿਲਾਂ ਆਪਣੇ ਹਥਿਆਰਾਂ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਹਨ ਤੇ ਕੁਲਜੀਤ ਵੀ ਇਹੀ ਕਰ ਰਿਹਾ ਸੀ।
ਇਹ ਵੀ ਪੜ੍ਹੋ : ਝੁੱਗੀ ‘ਚ ਅੱਗ ਨਾਲ 7 ਮੌਤਾਂ ਦਾ ਮਾਮਲਾ, ਲੁਧਿਆਣਾ ਨਗਰ ਨਿਗਮ ਨੂੰ 100 ਕਰੋੜ ਦਾ ਜੁਰਮਾਨਾ
ਡੀ.ਐੱਸ.ਪੀ. ਸਤਵਿੰਦਰ ਸਿੰਘ ਮੁਤਾਬਕ ਚੈਕਿੰਗ ਦੌਰਾਨ ਏਐਸਆਈ ਕੁਲਜੀਤ ਸਿੰਘ ਦੀ ਬੰਦੂਕ ’ਚੋਂ ਅਚਾਨਕ ਗੋਲੀ ਚੱਲ ਗਈ। ਕੁਲਜੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਪਰਿਵਾਰ ਨੂੰ ਹਾਦਸੇ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: