ASI Jaspal Singh daughter dies : ਪਿਓ ਤੇ ਧੀ ਦਾ ਪਿਆਰ ਜਗ ਜਾਣਦਾ ਹੈ। ਪੁੱਤਾਂ ਤੋਂ ਵੀ ਲਾਡਲੀਆਂ ਧੀਆਂ ਲਈ ਪਿਤਾ ਜਾਨ ਵਾਰਣ ਲਈ ਵੀ ਤਿਆਰ ਹੋ ਜਾਂਦੇ ਹਨ ਤੇ ਧੀਆਂ ਵੀ ਆਪਣੇ ਪਿਤਾ ਨਾਲ ਓਨਾ ਹੀ ਮੋਹ ਰਖਦੀਆਂ ਹਨ। ਪਿਓ-ਧੀ ਦੇ ਡੂੰਘੇ ਪਿਆਰ ਦਰਸਾਉਂਦਾ ਇਕ ਅਜਿਹਾ ਮਾਮਲਾ ਲੁਧਿਆਣਾ ਵਿਚ ਸਾਹਮਣੇ ਆਇਆ ਜਿਥੇ ਆਪਣੇ ਪਿਤਾ ਏਐਸਆਈ ਜਸਪਾਲ ਸਿੰਘ ਦੀ ਮੌਤ ਦਾ ਸਦਮਾ ਉਨ੍ਹਾਂ ਦੀ ਧੀ ਨਵਪ੍ਰੀਤ ਕੌਰ ਬਰਦਾਸ਼ਤ ਨਾ ਕਰ ਸਕੀ ਅਤੇ ਉਸ ਨੇ ਵੀ ਦਮ ਤੋੜ ਦਿੱਤਾ। ਬੀਤੇ ਦਿਨੀਂ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਵਿਚ ਰਹਿਣ ਵਾਲੇ ਏਐਸਆਈ ਜਸਪਾਲ ਸਿੰਘ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਜਦੋਂ ਪਰਿਵਾਰਕ ਮੈਂਬਰ ਉਨ੍ਹਾਂ ਦਾ ਸਸਕਾਰ ਕਰਕੇ ਘਰ ਪਹੁੰਚੇ ਤਾਂ ਨਵਪ੍ਰੀਤ ਸਾਰਿਆਂ ਨੂੰ ਰੋ-ਰੋ ਕੇ ਪੁੱਛਣ ਲੱਗੀ ਕਿ ਉਸ ਦੇ ਪਿਤਾ ਕਿੱਥੇ ਹਨ।
ਉਸ ਨੂੰ ਇੰਨਾ ਰੌਣ ’ਤੇ ਪਰਿਵਾਰਕ ਮੈਂਬਰਾਂ ਨੂੰ ਦੱਸਣਾ ਪਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਆਪਣੇ ਪਿਤਾ ਦੀ ਮੌਤ ਦਾ ਸਦਮਾ ਨਵਪ੍ਰੀਤ ਸਹਾਰ ਨਾ ਸਕੀ ਇੰਨਾ ਸੁਣ ਕੇ ਨਵਪ੍ਰੀਤ ਬੇਹੋਸ਼ ਹੋ ਗਈ ਅਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਉਸ ਨੇ ਦਮ ਤੋੜ ਦਿੱਤਾ। ਜਿਸ ਸ਼ਮਸ਼ਾਨਘਾਟ ਵਿਚ ਏਐਸਆਈ ਜਸਪਾਲ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ, ਉਥੇ ਹੀ ਉਨ੍ਹਾਂ ਦੀ ਧੀ ਦੀ ਵੀ ਚਿਖਾ ਬਾਲ਼ੀ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਤੋਂ ਏਐਸਆਈ ਜਸਪਾਲ ਸਿੰਘ ਹਸਪਤਾਲ ਵਿਚ ਭਰਤੀ ਸਨ, ਉਦੋਂ ਤੋਂ ਨਵਪ੍ਰੀਤ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਸੀ।
ਦੱਸਣਯੋਗ ਹੈ ਕਿ ਨਵਪ੍ਰੀਤ ਖੁਦ ਵੀ ਵਿਕਲਾਂਗ ਸੀ ਅਤੇ ਗੁਰਦਿਆਂ ਤੇ ਸ਼ੂਗਰ ਦੀ ਵੀ ਮਰੀਜ਼ ਸੀ। ਨਵਪ੍ਰੀਤ ਆਪਣੇ ਪਿਤਾ ਦੀ ਲਾਡਲੀ ਧੀ ਸੀ। ਅੱਠ ਸਾਲ ਦੀ ਉਮਰ ਵਿਚ ਨਵਪ੍ਰੀਤ ਨੂੰ ਸ਼ੂਗਰ ਹੋ ਗਈ ਸੀ ਅਤੇ ਉਸ ਦੇ ਗੁਰਦੇ ਖਰਾਬ ਹੋ ਗਏ ਸਨ। ਉਸ ਦੇ ਪਿਤਾ ਜਸਪਾਲ ਸਿੰਘ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਸ ਦਾ ਇਲਾਜ ਕਰਵਾ ਰਹੇ ਸੀ ਅਤੇ ਚੰਡੀਗੜ੍ਹ ਤੱਕ ਕੋਈ ਹਸਪਤਾਲ ਨਹੀਂ ਹੋਵੇਗਾ, ਜਿਥੇ ਉਸ ਦੇ ਪਿਤਾ ਉਸ ਦੇ ਇਲਾਜ ਲਈ ਨਾ ਪਹੁੰਚੇ ਹੋਣ। ਜ਼ਿਕਰਯੋਗ ਹੈ ਕਿ ਏਐਸਆਈ ਜਸਪਾਲ ਸਿੰਘ ਦੀ 26 ਜੁਲਾਈ ਨੂੰ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ ਤੇ ਬੀਤੇ ਮੰਗਲਵਾਰ ਉਨ੍ਹਾਂ ਦੀ ਇਸ ਮਹਾਮਾਰੀ ਨਾਲ ਜੰਗ ਲੜਦੇ ਹੋਏ ਮੌਤ ਹੋ ਗਈ ਸੀ। ਜਸਪਾਲ ਸਿੰਘ ਅੱਤਵਾਦੀਆਂ ਤੋਂ ਤਾਂ ਜੰਗ ਜਿੱਤ ਗਏ ਪਰ ਇਸ ਬੀਮਾਰੀ ਤੋਂ ਹਾਰ ਗਏ।