Baba Balwinder Singh of : ਓਕੂ (ਆਰਗੇਨਾਈਜ ਕੰਟਰੋਲ ਯੂਨਿਟ) ਨੇ ਗੈਂਗਸਟਰਾਂ ਨਾਲ ਸਬੰਧ ਰੱਖਣ ਦੇ ਦੋਸ਼ ਵਿਚ ਫਿਰੋਜ਼ਪੁਰ ਦੇ ਬਾਬਾ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ 8 ਮਈ ਨੂੰ ਓਕੂ ਅਤੇ ਕਾਊਂਟਰ ਇੰਟੈਲੀਜੈਂਸ ਨੇ ਸੁਲਤਾਨਪੁਰ ਲੋਧੀ (ਕਪੂਰਥਲਾ) ਤੋਂ ਅਤਿ ਆਧੁਨਿਕ ਹਥਿਆਰਾਂ ਨਾਲ ਮਸ਼ਹੂਰ ਗੈਂਗਸਟਰ ਬਲਜਿੰਦਰ ਸਿੰਘ ਬਿੱਲਾ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਫੜੇ ਗਏ ਗੈਂਗਸਟਰਾਂ ਨੇ ਪੁੱਛਗਿਛ ਦੌਰਾਨ ਬਾਬਾ ਦਾ ਨਾਂ ਦੱਸਿਆ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ।। ਹੁਣ ਸੁਰੱਖਿਆ ਏਜੰਸੀਆਂ ਵਲੋਂ ਬਾਬਾ ਦਾ ਪਿਛਲਾ ਰਿਕਾਰਡ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਜਾਣ ਦੀ ਪੁਸ਼ਟੀ ਫਿਰੋਜ਼ਪੁਰ ਦੇ ਸੀਨੀਅਰ ਪੁਲਿਸ ਅਧਿਕਾਰੀ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਵਨ ਸਿੰਘ ਬਲ ਨੇ ਵੀ ਕੀਤੀ ਹੈ। ਜਾਂਚ ਕਰ ਰਹੇ ਡੀ. ਐੱਸ. ਪੀ. ਦਾ ਕਹਿਣਾ ਹੈ ਕਿ ਬਾਬਾ ਦੇ ਗੈਂਗਸਟਰਾਂ ਨਾਲ ਡੂੰਘੇ ਸਬੰਧ ਹਨ ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਬਾਬਾ ਦਾ ਸਬੰਧ ਪੰਜਾਬ ਦੇ ਦੋ ਸੀਨੀਅਰ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲ ਵੀ ਹੈ।
ਕਪੂਰਥਲਾ ਤੋਂ ਫੜੇ ਗਏ ਗੈਂਗਸਟਰਾਂ ਦਾ ਵੀ ਬਾਬਾ ਦੇ ਘਰ ਆਉਣਾ-ਜਾਣਾ ਸੀ। ਜਿਸ ਤਰ੍ਹਾਂ ਦੇ ਆਧੁਨਿਕ ਹਥਿਆਰ ਗੈਂਗਸਟਰਾਂ ਤੋਂ ਬਰਾਮਦ ਹੋਏ ਹਨ ਅਜਿਹੇ ਹਥਿਆਰ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਸੰਗਠਨ ਹੀ ਭਾਰਤ ਵਿਚ ਭੇਜ ਸਕਦੇ ਹਨ। ਫਿਰੋਜ਼ਪੁਰ ਸਰਹੱਦੀ ਇਲਾਕਾ ਹੈ। ਇਥੋਂ ਹੀ ਹੈਰੋਇਨ ਅਤੇ ਹਥਿਆਰਾਂ ਦੀ ਸਮਗਲਿੰਗ ਹੁੰਦੀ ਹੈ। ਗ੍ਰਿਫਤਾਰ ਬਾਬਾ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਬਾਬਾ ਰਾਜਨੀਤਕ ਨੇਤਾਵਾਂ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਧੰਦਾ ਕਰਦਾ ਸੀ ਉਸ ਦੀ ਜਾਇਦਾਦ ਕਿੰਨੀ ਸੀ ਤੇ ਹੁਣ ਉਸ ਦੀ ਜਾਇਦਾਦ ਕਿੰਨੀ ਹੈ, ਇਹ ਸਾਰਾ ਪਤਾ ਲਗਾਇਆ ਜਾ ਰਿਹਾ ਹੈ। ਕਪੂਰਥਲਾ ਤੋਂ ਫੜੇ ਗਏ ਗੈਂਗਸਟਰਾਂ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਬਾਬਾ ਦੇ ਘਰ ਆਉਣ-ਜਾਣ ਤੋਂ ਇਲਾਵਾ ਲੈਣ-ਦੇਣ ਦਾ ਹਿਸਾਬ ਕਿਤਾਬ ਵੀ ਉਸ ਦੇ ਘਰ ਹੀ ਹੁੰਦਾ ਸੀ। ਮਸ਼ਹੂਰ ਸਮਗਲਰ ਜੀਤਾ ਤੋਂ ਵੀ ਪੁੱਛਗਿਛ ਕੀਤੀ ਜਾ ਸਕਦੀ ਹੈ ਜੋ ਮੌਜੂਦਾ ਸਮੇਂ ਪੰਜਾਬ ਦੀ ਜੇਲ੍ਹ ਵਿਚ ਬੰਦ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਬਾਬਾ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਹੈ ਜਾਂ ਨਹੀਂ।