Barnala Army man death : ਬਰਨਾਲਾ ਦੇ ਰਹਿਣ ਵਾਲੇ ਭਾਰਤੀ ਫੌਜ ਦੇ ਇੱਕ ਜਵਾਨ ਦੀ ਅੱਜ ਲੰਬੀ ਬੀਮਾਰੀ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਦਾ ਜਲੰਧਰ ਵਿੱਚ ਇਲਾਜ ਚੱਲ ਰਿਹਾ ਸੀ, ਜਿਥੇ ਉਸ ਨੂੰ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਸੀ। ਪਰ ਜਵਾਨ ਦੀ ਮੌਤ ‘ਤੇ ਉਸ ਨੂੰ ਸਰਕਾਰ ਤਾਂ ਕੀ ਪ੍ਰਸ਼ਾਸਨ ਵੱਲੋਂ ਵੀ ਕੋਈ ਅਧਿਕਾਰੀ ਨਹੀਂ ਆਇਆ, ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਰੋਸ ਪ੍ਰਗਟਾਇਆ। ਉਨ੍ਹਾਂ ਨੇ ਮ੍ਰਿਤਕ ਜਵਾਨ ਦੀ ਪਤਨੀ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਜਗਦੀਪ ਸਿੰਘ 2016 ਵਿੱਚ ਕਾਰਗਿਲ ਦੇ ਸਿਆਚਿਨ ਇਲਾਕੇ ਵਿੱਚ ਬਰਫ ’ਚ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ। ਉਹ ਚਾਰ ਸਾਲਾਂ ਤੋਂ ਬੀਮਾਰੀ ਨਾਲ ਜੂਝ ਰਿਹਾ ਸੀ। ਅੱਜ ਉਸ ਨੇ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ।
ਪਰ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਜਵਾਨ ਦੇ ਅੰਤਿਮ ਸੰਸਕਾਰ ਦੇ ਮੌਕੇ ’ਤੇ ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਜੂਦ ਸੀ ਅਤੇ ਨਾ ਹੀ ਉਸ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਸਿਰਫ ਜਗਦੀਪ ਦੀ ਰੇਜੀਮੇਂਟ ਦੇ ਜਵਾਨਾਂ ਨੇ ਮ੍ਰਿਤਕ ਨੂੰ ਸ਼ਰਧਾਂਜਲੀ ਦਿੱਤੀ। ਜ਼ਿ੍ਲਾ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਕੀਤੇ ਗਏ ਅਜਿਹੇ ਵਤੀਰੇ ’ਤੇ ਫੌਜੀ ਜਵਾਨ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਮ੍ਰਿਤਕ ਫੌਜੀ ਜਵਾਨ ਦੇ ਪਿਤਾ ਰਿਟਾਇਰ ਫੌਜੀ ਨਛੱਤਰ ਸਿੰਘ ਨੇ ਸਰਕਾਰ ਅਤੇ ਭਾਰਤੀ ਫੌਜ ’ਤੇ ਉਸ ਦੇ ਬੇਟੇ ਦਾ ਸਹੀ ਇਲਾਜ ਨਾ ਕਰਵਾਉਣ ਦਾ ਦੋਸ਼ ਲਗਾਇਆ ਹੈ। ਮ੍ਰਿਤਕ ਜਵਾਨ ਦੋ ਛੋਟੀਆਂ ਧੀਆਂ ਦਾ ਪਿਤਾ ਸੀ। ਪਰਿਵਾਰ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।