ਕਿਸਾਨ ਅੰਦੋਲਨ ਦੌਰਾਨ ਬਹਾਦਰਗੜ੍ਹ ਜੰਡੀਆਂ ਪਿੰਡ ਦੀ ਬਜ਼ੁਰਗ ਕਿਸਾਨ ਮਹਿੰਦਰ ਕੌਰ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਬਠਿੰਡਾ ਅਦਾਲਤ ਨੇ ਇੱਕ ਵਾਰ ਫਿਰ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੰਮਨ ਜਾਰੀ ਕੀਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 29 ਸਤੰਬਰ ਨੂੰ ਹੋਵੇਗੀ।
ਕੰਗਨਾ ਨੂੰ ਸੰਮਣ ਜਾਰੀ ਹੋਣ ਮਗਰੋਂ ਬੇਬੇ ਮਹਿੰਦਰ ਕੌਰ ਨੇ ਕਿਹਾ ਕਿ ਕਿਸਾਨੀ ਮੋਰਚੇ ਵੇਲੇ ਔਰਤਾਂ ਨੂੰ ਮਾੜੇ ਬੋਲ ਬੋਲਣ ਵਾਲੀ ਕੰਗਨਾ ਰਨੌਤ ਨੂੰ ਸਲਾਖਾਂ ਪਿੱਛੇ ਜਾਣਾ ਹੀ ਚਾਹੀਦਾ ਹੈ। ਹਾਲਾਂਕਿ, ਜੇਕਰ ਕੰਗਨਾ ਉਸ ਤੋਂ ਮੁਆਫ਼ੀ ਮੰਗਦੀ ਹੈ, ਤਾਂ ਉਹ ਉਸ ਨੂੰ ਵੀ ਮੁਆਫ਼ ਕਰ ਦੇਵੇਗੀ, ਕਿਉਂਕਿ ਉਸਦੀ ਉਸ ਨਾਲ ਕੋਈ ਦੁਸ਼ਮਣੀ ਨਹੀਂ ਹੈ।

ਬੇਬੇ ਮਹਿੰਦਰ ਕੌਰ ਨੇ ਕਿਹਾ ਕਿ ਬਿਨਾਂ ਕਿਸੇ ਗੱਲ ਤੋਂ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਕਰਨੀ ਠੀਕ ਨਹੀਂ। ਕੰਗਣਾ ਰਣੌਤ ਨੂੰ ਆਪਣੇ ਕੀਤੇ ਦਾ ਫਲ ਜਰੂਰ ਮਿਲਣਾ ਚਾਹੀਦਾ ਹੈ। ਉਸ ਨੇ ਗਲਤੀ ਕੀਤੀ ਹੈ ਇਸੇ ਕਰਕੇ ਅਦਾਲਤ ਉਸ ਪ੍ਰਤੀ ਸਖ਼ਤ ਰੁਖ ਅਪਣਾ ਰਹੀ ਹੈ। ਮੈਂ ਅਦਾਲਤ ‘ਚ ਬੇਨਤੀ ਕੀਤੀ ਹੈ ਉਸ ਨੂੰ ਸਜ਼ਾ ਦਿੱਤੀ ਜਾਵੇ।
ਉਥੇ ਹੀ ਮਹਿੰਦਰ ਕੌਰ ਦੇ ਵਕੀਲ ਰਘੂਵੀਰ ਸਿੰਘ ਬਹਿਣੀਵਾਲ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਪਹਿਲਾਂ ਵੀ ਸੰਮਨ ਜਾਰੀ ਕੀਤੇ ਗਏ ਸਨ, ਪਰ ਉਹ ਹਾਜ਼ਰ ਨਹੀਂ ਹੋਈ। ਇਸ ‘ਤੇ ਸੋਮਵਾਰ ਨੂੰ ਅਦਾਲਤ ਨੇ ਐਸਐਸਪੀ ਰਾਹੀਂ ਸੰਮਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : Influencer ਕਾਰਤਿਕ ਬੱਗਨ ਦੇ ਕਤਲ ਮਾਮਲੇ ‘ਚ CP ਸਵਪਨ ਸ਼ਰਮਾ ਵੱਲੋਂ ਵੱਡੇ ਖੁਲਾਸੇ, 3 ਦੋਸ਼ੀ ਕਾਬੂ
ਵਕੀਲ ਬਹਿਣੀਵਾਲ ਨੇ ਕਿਹਾ ਕਿ ਅਦਾਲਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਜਲਦੀ ਹੀ ਇੱਕ ਅਰਜ਼ੀ ਦਾਇਰ ਕੀਤੀ ਜਾਵੇਗੀ, ਜਿਸ ਵਿੱਚ ਕੰਗਨਾ ਨੂੰ ਵਿਦੇਸ਼ ਜਾਣ ਤੋਂ ਰੋਕਣ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਉਹ ਕਾਨੂੰਨੀ ਪ੍ਰਕਿਰਿਆ ਤੋਂ ਬਚ ਨਾ ਸਕੇ।
ਵੀਡੀਓ ਲਈ ਕਲਿੱਕ ਕਰੋ -:

























