ਲੁਧਿਆਣਾ ਵਸਨੀਕਾਂ ਲਈ ਇਕ ਖੁਸ਼ਖਬਰੀ ਹੈ ਕਿ ਪਾਇਲ ਹਲਕੇ ਦਾ ਪਿੰਡ ਭੀਖੀ ਜ਼ਿਲ੍ਹਾ ਲੁਧਿਆਣਾ ਦਾ ਪਹਿਲਾ ਪਿੰਡ ਬਣ ਗਿਆ ਹੈ ਜਿਸ ਵਿਚ ਅੱਜ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ 100 ਫੀਸਦੀ ਟੀਕਾਕਰਨ ਕੀਤਾ ਗਿਆ।
ਹਲਕਾ ਪਾਇਲ ਦੇ ਵਿਧਾਇਕ ਸ.ਲਖਵੀਰ ਸਿੰਘ ਲੱਖਾ ਨੇ ਦੱਸਿਆ ਕਿ ਪਿੰਡ ਭੀਖੀ ਦੀ ਆਬਾਦੀ 1700 ਹੈ, ਜਿਨ੍ਹਾਂ ਵਿਚੋਂ 947 ਵਸਨੀਕ 18 ਸਾਲ ਤੋਂ ਵੱਧ ਉਮਰ ਦੇ ਹਨ। ਉਨ੍ਹਾਂ ਕਿਹਾ ਕਿ 18 ਗਰਭਵਤੀ ਮਹਿਲਾਵਾਂ ਨੂੰ ਛੱਡ ਕੇ ਅਤੇ ਸਿਹਤ ਦੇ ਮੁੱਦਿਆਂ ਕਾਰਨ ਟੀਕਾਕਰਨ ਲਈ ਕੁਝ ਅਯੋਗ ਹੋਣ ਦੇ ਬਾਵਜੂਦ ਅੱਜ ਸਾਰੇ 905 ਯੋਗ ਵਿਅਕਤੀਆਂ ਦੀ ਵੈਕਸੀਨੇਸ਼ਨ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਇਸ ਪਿੰਡ ਦੇ ਸਾਰੇ ਯੋਗ ਵਸਨੀਕਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਮਿਲ ਚੁੱਕੀ ਹੈ। ਇਸ ਸਬੰਧੀ ਪਿੰਡ ਵਿੱਚ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਵਿਧਾਇਕ ਸ. ਲਖਵੀਰ ਸਿੰਘ ਲੱਖਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ, ਐਸ.ਡੀ.ਐਮ. ਸ. ਮਨਕੰਵਲ ਸਿੰਘ ਚਾਹਲ ਤੋਂ ਇਲਾਵਾ ਹੋਰਾਂ ਨੇ ਸਨਮਾਨਿਤ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਤਰ੍ਹਾਂ ਪੰਚਾਇਤ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਲਈ ਯੋਗ ਨਾਗਰਿਕ ਸੰਸਥਾਵਾਂ ਵਿਚ ਮੋਹਰੀ ਬਣ ਗਈ ਹੈ, ਜਿਸਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ।
ਇਹ ਵੀ ਪੜ੍ਹੋ : ਕਪੂਰਥਲਾ ’ਚ 160 ਪੁਲਿਸ ਮੁਲਾਜ਼ਮਾਂ ਦਾ ਛਾਪਾ- ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥਾਂ ਸਣੇ 6 ਨਸ਼ਾ ਤਸਕਰ ਕਾਬੂ
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਵੀ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹਾ ਲੁਧਿਆਣਾ ਦੇ ਹੋਰਨਾਂ ਪਿੰਡਾਂ ਨੂੰ ਵੀ ਵੱਡੀ ਗਿਣਤੀ ਵਿੱਚ ਟੀਕਾਕਰਨ ਕਰਨ ਦੀ ਅਪੀਲ ਕੀਤੀ ਤਾਂ ਜੋ ਅਸੀਂ ਇਸ ਮਹਾਂਮਾਰੀ ਨੂੰ ਆਪਣੇ ਸਮਾਜ ਵਿੱਚੋਂ ਜੜ੍ਹ ਤੋਂ ਖ਼ਤਮ ਕਰ ਸਕੀਏ। ਐਸ.ਡੀ.ਐਮ. ਸ.ਮਨਕੰਵਲ ਸਿੰਘ ਚਾਹਲ ਦੀ ਅਗਵਾਈ ਵਿੱਚ, ਆਪਣੇ ਖੇਤਰ ਵਿੱਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਥਾਮ ਸਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਵਿੱਚ ਅਧਿਕਾਰੀਆਂ ਵੱਲੋਂ ਤਾਲਮੇਲ ਨਾਲ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਧਾਇਕ ਸ.ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਸਿਹਤ ਸੰਭਾਲ ਕਰਮਚਾਰੀਆਂ ਅਤੇ ਪੰਚਾਇਤ ਮੈਂਬਰਾਂ ਦੇ ਯਤਨਾਂ ਸਦਕਾ, ਭੀਖੀ ਪਿੰਡ ਦੇ ਸਾਰੇ 905 ਯੋਗ ਲਾਭਪਾਤਰੀਆਂ ਨੂੰ ਸਮੇਂ ਸਮੇਂ ‘ਤੇ ਲਗਾਏ ਗਏ ਕੈਂਪਾਂ ਦੌਰਾਨ ਉਨ੍ਹਾਂ ਨੂੰ ਜਾਗਰੂਕ ਕਰਦਿਆਂ ਵੈਕਸੀਨੇਸ਼ਨ ਲਈ ਪ੍ਰੇਰਿਤ ਕੀਤਾ ਅਤੇ ਟੀਕਾਕਰਨ ਵੀ ਕਰਵਾਇਆ।
ਸ.ਲੱਖਾ ਨੇ ਕਿਹਾ ਕਿ ”ਭੀਖੀ ਪਿੰਡ ਪਹਿਲਾਂ ਹੀ 100 ਫੀਸਦੀ ਟੀਕਾਕਰਨ ਦਾ ਟੀਚਾ ਪ੍ਰਾਪਤ ਕਰਨ ਵਾਲਾ ਪਹਿਲਾ ਪਿੰਡ ਬਣ ਗਿਆ ਹੈ, ਪਰ ਹੋਰ ਵੀ ਬਹੁਤ ਸਾਰੇ ਇਲਾਕਿਆਂ ਵਿੱਚ ਇਹ ਅੰਕੜਾ 90 ਫੀਸਦੀ ਨੂੰ ਪਾਰ ਕਰ ਚੁੱਕਾ ਹੈ।” ਸ.ਲੱਖਾ ਨੇ ਕਿਹਾ ਕਿ ਉਹ ਪਹਿਲਾਂ ਹੀ ਸਬੰਧਤ ਅਥਾਰਟੀਆਂ ਨਾਲ ਪਿੰਡਾਂ ਨੂੰ ਵਿਸ਼ੇਸ਼ ਗ੍ਰਾਂਟ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਗੱਲਬਾਤ ਕਰ ਚੁੱਕੇ ਹਨ। ਐਸ.ਡੀ.ਐਮ. ਪਾਇਲ ਸ. ਮਨਕੰਵਲ ਸਿੰਘ ਚਾਹਲ ਨੇ ਕਿਹਾ ਕਿ ਇਹ ਟੀਚਾ ਤਹਿਸੀਲਦਾਰ ਸ.ਵਿਕਾਸਦੀਪ ਸਿੰਘ ਅਤੇ ਬੀ.ਡੀ.ਪੀ.ਓ ਗੁਰਵਿੰਦਰ ਕੌਰ ਦੀ ਅਗਵਾਈ ਹੇਠ ਅਧਿਕਾਰੀਆਂ ਵੱਲੋਂ ਤਾਲਮੇਲ ਨਾਲ ਕੀਤੇ ਯਤਨਾਂ ਸਦਕਾ ਪ੍ਰਾਪਤ ਹੋਇਆ ਹੈ, ਜਿਹੜੇ ਹੁਣ ਹੋਰ ਪਿੰਡਾਂ ਲਈ ਵੀ ਜਲਦ 100 ਫੀਸਦ ਟੀਕਾਕਰਨ ਦਾ ਦਰਜਾ ਪ੍ਰਾਪਤ ਕਰਨ ਲਈ ਯਤਨਸ਼ੀਲ ਹਨ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ 2022 ਦੀਆਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕਰੇਗਾ : ਬਿਕਰਮ ਸਿੰਘ ਮਜੀਠੀਆ