Big news from Ambala : ਅੰਬਾਲਾ ਵਿੱਚ ਅੱਜ ਉਸ ਵੇਲੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ ਦਿਨ-ਦਿਹਾੜੇ ਚਾਰ ਨੌਜਵਾਨਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਗਈ। ਇਸ ਗੋਲੀਬਾਰੀ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖਮੀ ਹੋਏ ਹਨ। ਇਕ ਜ਼ਖਮੀ ਦਾ ਇਲਾਜ ਅੰਬਾਲਾ ਦੇ ਸਿਵਲ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ ਅਤੇ ਇੱਕ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਇਹ ਘਟਨਾ ਅੰਬਾਲਾ ਸ਼ਹਿਰ ਦੇ ਕਾਲਕਾ ਚੌਂਕ ਦੀ ਹੈ। ਲਗਭਗ 12 ਵਜੇ ਇੱਕ ਕਾਰ ਵਿੱਚ ਸਵਾਰ ਨੌਜਵਾਨਾਂ ‘ਤੇ ਦੂਜੀ ਕਾਰ ਵਿੱਚ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਮੌਲੀ ਮਾਜਰਾਂ ਨਿਵਾਸੀ 23 ਸਾਲਾ ਪ੍ਰਦੀਪ ਉਰਫ ਪੰਜਾ ਵਜੋਂ ਹੋਈ ਹੈ।
ਹਾਦਸੇ ਵਿੱਚ ਡਰਾਈਵਰ 23 ਸਾਲਾ ਗੌਰਵ ਤੇ ਅਸ਼ਵਨੀ ਜ਼ਖਮੀ ਹੋਏ ਹਨ। ਇਹ ਚਾਰੇ ਨੌਜਵਾਨ ਅੰਬਾਲਾ ਕੋਰਟ ਵਿੱਚ ਪੇਸ਼ ਹੋਣ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ 2 ਨੌਜਵਾਨਾਂ ਨੇ ਅੰਜਾਮ ਦਿੱਤਾ ਹੈ। ਮਾਮਲਾ 2 ਧਿਰਾਂ ਆਪਸੀ ਰੰਜਿਸ਼ ਬਾਰੇ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਅੰਬਾਲਾ ਪੁਲਿਸ ਮੌਕੇ ’ਤੇ ਪੁੱਜੀ ਅਤੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ। ਪਤਾ ਲੱਗਾ ਹੈ ਕਿ ਨੌਜਵਾਨ ਚੰਡੀਗੜ੍ਹ ਨੰਬਰ ਵਾਲੀ ਕਾਰ ’ਤੇ ਕਾਲਕਾ ਚੌਂਕ ਆਏ ਸਨ। ਪੁਲਿਸ ਘਟਨਾ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ। ਉਥੇ ਹੀ ਲੋਕਾਂ ਵਿੱਚ ਇਸ ਘਟਨਾ ਕਰਕੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ। ਦੂਜੇ ਪਾਸੇ ਐਸਪੀ ਅੰਬਾਲਾ ਹਾਮਿਦ ਅਖਤਰ ਦਾ ਕਹਿਣਾ ਹੈ ਕਿ ਮਾਮਲੇ ਨੂੰ ਗੈਂਗਵਾਰ ਨਾ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।