BJP leader threatens farmers : ਪਟਿਆਲਾ : ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੇ ਰੋਸ ਵਿੱਚ ਭਾਜਪਾ ਆਗੂਆਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਇੱਕ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਸਾਨਾਂ ਨੂੰ ਖੁੱਲ੍ਹੇਆਮ ਕਿਹਾ ਕਿ ਖੇਤੀ ਬਿੱਲ ਬਿਲਕੁਲ ਠੀਕ ਹਨ ਅਤੇ ਇਹ ਲਾਗੂ ਰਹਿਣਗੇ। ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਨੇ ਰੋਕਣਾ ਹੈ ਰੋਕ ਲਵੇ ਅਸੀਂ ਨਹੀਂ ਡਰਦੇ। ਦਰਅਸਲ ਰਾਜਪੁਰਾ ਵਿਖੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਇੱਕ ਸਮਾਗਮ ਲਈ ਰਾਜਪੁਰਾ ਦੇ ਮਹਿੰਦਰ ਗੰਜ ਇਲਾਕੇ ਵਿੱਚ ਜੈਨ ਸਥਾਨ ਵਿਖੇ ਭਾਜਪਾ ਦਾ ਸਮਾਗਮ ਕਰਨ ਪਹੁੰਚੇ ਜਿਥੇ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਕਿਸਾਨ ਵੀ ਉਨ੍ਹਾਂ ਦਾ ਵਿਰੋਧ ਕਰਨ ਲਈ ਭਾਰੀ ਗਿਣਤੀ ਵਿੱਚ ਇਕੱਠੇ ਹੋਈ। ਕਿਸਾਨਾਂ ਵੱਲੋਂ ਹਰਜੀਤ ਗਰੇਵਾਲ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਕਿਸਾਨਾਂ ਦਾ ਕਹਿਣਾ ਸੀ ਕਿ ਭਾਜਪਾ ਆਗੂ ਹਰਜੀਤ ਗਰੇਵਾਲ ਆਪਣੀ ਇੰਟਰਵਿਊ ਵਿੱਚ ਕਿਸਾਨਾਂ ਨੂੰ ਅੱਤਵਾਦੀ ਅਤੇ ਕਿਸਾਨਾਂ ਦੇ ਪਿੱਠੂ ਦੱਸ ਦੇ ਸੰਬੋਧਿਤ ਕਰਦੇ ਹਨ। ਜਿਸ ਦੇ ਵਿਰੋਧ ਵਿੱਚ ਅੱਜ ਉਨ੍ਹਾਂ ਦਾ ਘੇਰਾਅ ਕੀਤਾ ਗਿਆ। ਇਸ ਦੌਰਾਨ ਜਦੋਂ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਬਾਰੇ ਗਲਤ ਬੋਲਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਜਿਹਾ ਕੁਝ ਵੀ ਨਹੀਂ ਕਿਹਾ। ਪਰ ਜਿਵੇਂ ਹੀ ਪੱਤਰਕਾਰਾਂ ਨੇ ਉਨ੍ਹਾਂ ਤੋਂ ਖੇਤੀ ਬਿੱਲਾਂ ਤੇ ਕਿਸਾਨਾਂ ਸੰਬੰਧੀ ਹੋਰ ਸਵਾਲ ਕੀਤਾ ਤਾਂ ਉਹ ਇਕਦਮ ਭੜਕ ਗਏ।
ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਤਿੰਨ ਬਿੱਲ ਬਿਲਕੁਲ ਸਹੀ ਹੈ ਅਤੇ ਇਹ ਲਾਗੂ ਰਹਿਣਗੇ। ਜੇਕਰ ਇਸ ਵਿੱਚ ਕਿਸਾਨਾਂ ਨੂੰ ਕੋਈ ਕਮੀ-ਪੇਸ਼ੀ ਲੱਗਦੀ ਹੈ ਤਾਂ ਉਹ ਸਰਕਾਰ ਨਾਲ ਗੱਲ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਗੱਲ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਕਿਸਾਨਾਂ ਦੇ ਹਿੱਤ ਵਿੱਚ ਹਨ ਅਤੇ ਇਹ ਲਾਗੂ ਹੋ ਕੇ ਹੀ ਰਹਿਣਗੇ। ਭਾਜਪਾ ਆਗੂ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ ਸਿਆਸਤ ਕਰਕੇ ਕਾਂਗਰਸ ਵੱਲੋਂ ਭਾਜਪਾ ਦੇ ਖਿਲਾਫ ਕੀਤਾ ਜਾ ਰਿਹਾ ਹੈ। ਬਿੱਲ ਕੇਂਦਰ ਵੱਲੋਂ ਜਾਰੀ ਕੀਤੇ ਗਏ ਹਨ, ਜਿਸ ਸੰਬੰਧੀ ਮੀਟਿੰਗ ਵੀ ਕੀਤੀ ਗਈ ਪਰ ਬਿੱਲਾਂ ਸੰਬੰਧੀ ਹੋਈ ਮੀਟਿੰਗ ਵਿੱਚ ਕਿਸਾਨਾਂ ਕੋਲ ਸਵਾਲ ਹੀ ਖਤਮ ਹੋ ਗਏ। ਉਨ੍ਹਾਂ ਦੇ ਮਨ ਵਿੱਚ ਕੋਈ ਸ਼ੱਕ ਨਹੀਂ ਹੈ। ਸ਼ੁਰੂ ਤੋਂ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਵੋਟ ਬੈਂਕ ਦੀ ਸਿਆਸਤ ਕਰ ਰਹੀ ਹੈ, ਉਨ੍ਹਾਂ ਨੇ ਇਸ ਨੂੰ ਰਾਜਨੀਤਕ ਅੱਤਵਾਦ ਦੱਸਿਆ। ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਨੂੰ ਅੱਤਵਾਦੀ ਨਹੀਂ ਕਿਹਾ, ਮੈਂ ਕਾਂਗਰਸ ਸਰਕਾਰ ਵੱਲੋਂ ਸਿਆਸੀ ਅੱਤਵਾਦ ਫੈਲਾਉਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਕਿਸਾਨਾਂ ਵੱਲੋਂ ਪੈਸੇ ਲੈ ਕੇ ਧਰਨੇ ਲਗਾਉਣ ਦੀ ਗੱਲ ਨੂੰ ਵੀ ਸਿਰੇ ਤੋਂ ਖਾਰਿਜ ਕੀਤਾ ਕਿ ਉਨ੍ਹਾਂ ਅਜਿਹਾ ਕੁਝ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਬਾਹਰ ਬੈਠੇ ਕਿਸਾਨਾਂ ਤੋਂ ਨਹੀਂ ਡਰਦੇ। ਭਾਜਪਾ ਆਗੂਆਂ ਲਈ ਪੁਲਿਸ ਸੁਰੱਖਿਆ ਪ੍ਰਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਪ੍ਰਸ਼ਾਸਨ ਨੂੰ ਡਰ ਹੈ ਕਿ ਕਿਤੇ ਕਿਸਾਨਾਂ ਦਾ ਟਕਰਾਅ ਨਾ ਹੋ ਜਾਵੇ, ਉਂਝ ਅਸੀਂ ਉਨ੍ਹਾਂ ਤੋਂ ਨਹੀਂ ਡਰਦੇ।
ਇਸ ਬਾਰੇ ਇੱਕ ਕਿਸਾਨ ਜਥੇਬੰਦੀ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਜੇਕਰ ਕੋਈ ਵੀ ਭਾਜਪਾ ਆਗੂ ਜਾਂ ਬੁਲਾਰਾ ਇਨ੍ਹਾਂ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਆਏਗਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ, ਇਹ ਜਥੇਬੰਦੀਆਂ ਦਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਸਾਡੀ ਕਿਸਾਨੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ। ਸਾਨੂੰ ਪਤਾ ਲੱਗਾ ਕਿ ਅੱਜ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਇਥੇ ਆਏ ਹਨ, ਜਿਸ ਕਾਰਨ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦੇ ਕੇ ਉਨ੍ਹਾਂ ਨਾਲ ਧੋਖਾ ਕੀਤਾ ਅਤੇ ਸਿਰਫ ਇਨ੍ਹਾਂ ਕਾਲੇ ਕਾਨੂੰਨਾਂ ਦੇ ਪੱਖ ਵਿੱਚ ਹੀ ਬੋਲੇ ਤੇ ਹੁਣ ਵਾਰ-ਵਾਰ ਆਪਣੇ ਆਗੂ ਇਨ੍ਹਾਂ ਕਾਨੂੰਨਾਂ ਦਾ ਪੱਖ ਪੂਰਨ ਲਈ ਭੇਜ ਰਹੀ ਹੈ, ਜਿਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਸਾਡਾ ਇਹ ਪ੍ਰਚਾਰ ਚੱਲਦਾ ਰਹੇਗਾ ਅਤੇ ਕਿਸੇ ਵੀ ਜ਼ਿਲ੍ਹਾ, ਸੂਬਾਈ ਜਾਂ ਕੇਂਦਰੀ ਭਾਜਪਾ ਆਗੂਆਂ ਨੂੰ ਕਿਸੇ ਤਰ੍ਹਾਂ ਦੀ ਮੀਟਿੰਗ ਜਾਂ ਪ੍ਰਚਾਰ ਨਹੀਂ ਕਰਨ ਦਿੱਤੀ ਜਾਵੇਗੀ।