BKU at Khanauri order announces : ਖਨੌਰੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਸੰਘਰਸ਼ ਕੀਤਾ ਜਾ ਰਿਹਾ ਹੈ। ਹਰਿਆਣਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਾਰਗ ਬੰਦ ਕਰਕੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਪਰ ਕਿਸਾਨਾਂ ਨੇ ਬੈਰੀਕੇਡ ਚੁੱਕ ਕੇ ਸੁੱਟ ਦਿੱਤੇ ਹਨ ਅਤੇ ਅੱਗੇ ਵੱਧ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇੱਕ ਹਫਤੇ ਲਈ ਪੱਕਾ ਮੋਰਚਾ ਸ਼ੁਰੂ ਕਰਨ ਦਾ ਪ੍ਰੋਗਰਾਮ ਬਣਾਇਆ ਸੀ। ਪਰ ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅੱਜ ਸਵੇਰੇ 11 ਵਰਜੇ ਖਨੌਰੀ ਅਤੇ ਡੱਬਵਾਲੀ ਹੱਦ ਰਾਹੀਂ ਦਿੱਲੀ ਵੱਲ ਕੂਚ ਕਰੇਗਾ। ਜਥੇਬੰਦੀ ਨੇ ਇਹ ਫੈਸਲਾ ਬੀਤੀ ਰਾਤ ਸਾਢੇ ਸੱਤ ਵਜੇ ਦੇ ਕਰੀਬ ਲਿਆ।
ਦੱਸਣਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਟਰੈਕਟਰ-ਟਰਾਲੀਆਂ ਦੇ ਕਾਫਲੇ ਖਨੌਰੀ ਬਾਰਡਰ ‘ਤੇ ਪਹੁੰਚ ਰਹੇ ਹਨ। ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਵੀ ਇਸ ਸੰਘਰਸ਼ੀ ਮੋਰਚੇ ਵਿੱਚ ਤਿਆਰ-ਬਰ-ਤਿਆਰ ਨਜ਼ਰ ਆ ਰਹੀਆਂ ਹਨ ਅਤੇ ਉਹ ਕਿਸਾਨਾਂ ਲਈ ਲੰਗਰ ਤਿਆਰ ਕਰ ਰਹੀਆਂ ਹਨ। ਬੀਤੇ ਦਿਨ ਨੌਜਵਾਨਾਂ ਨੇ ਸੰਗਲਾਂ, ਤਾਲਿਆਂ ਅਤੇ ਕੰਡਿਆਲੀ ਤਾਰ ਨਾਲ ਸੀਲ ਕੀਤੇ ਬਾਰਡਰ ਨੂੰ ਟਰੈਕਟਰਾਂ ਨਾਲ ਖਿਲਾਰ ਦਿੱਤਾ। ਕਿਸਾਨਾਂ ਨੂੰ ਪੁਲਿਸ ਵੱਲੋਂ ਖਨੌਰੀ ਬਾਰਡਰ ‘ਤੇ ਰੋਕਿਆ ਗਿਆ ਹੈ ,ਜਿੱਥੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਝੜਪ ਹੋ ਰਹੀ ਹੈ। ਜਦੋਂ ਪੁਲਿਸ ਨੇ ਕਿਸਾਨਾਂ ‘ਤੇਪਾਣੀ ਦੀਆਂ ਬੁਛਾਰਾਂ ਕੀਤੀਆਂ ਤਾਂ ਕਿਸਾਨ ਬੈਰੀਕੈਡ ਤੋੜ ਕੇ ਅੱਗੇ ਵਧੇ। ਉਥੇ ਹੀ ਹਜ਼ਾਰਾਂ ਕਿਸਾਨਾਂ ਨੇ ਬਾਰਡਰ ਨੇੜੇ ਹੀ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਜਥੇ ਦਿੱਲੀ ਦੇ ਕੁੰਡਲੀ ਬਾਰਡਰ ਤੱਕ ਪਹੁੰਚਣੇ ਸ਼ੁਰੂ ਗਏ ਹਨ। ਪਰ ਉਥੇ ਵੀ ਕਿਸਾਨਾਂ ਨਾਲ ਦਿੱਲੀ ਪੁਲਿਸ ਵੱਲੋਂ ਗਲਤ ਵਤੀਰਾ ਅਪਣਾਇਆ ਗਿਆ ਅਤੇ ਬਿਨਾਂ ਕਿਸੇ ਗੱਲ ਦੇ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ। ਹਾਲਾਂਕਿ ਕਿਸਾਨ ਦਾ ਕਹਿ ਰਹੇ ਸਨ ਕਿ ਉਹ ਪਿਆਰ ਨਾਲ ਹੀ ਗੱਲ ਕਰਨਗੇ ਪਰ ਇਸ ਤੋਂ ਪਹਿਲਾਂ ਵੀ ਦਿੱਲੀ ਪੁਲਿਸ ਨੇ ਉਨ੍ਹਾਂ ’ਤੇ ਹੰਝੂ ਗੈਸ ਦੇ ਗੋਲੇ ਛੱਡ ਦਿੱਤੇ। ਦਿੱਲੀ ਬਾਰਡਰ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ, ਜਿਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਉਹ ਕਿਸਾਨਾਂ ਨੂੰ ਰੋਕਣ ਦੀ ਪੂਰੀ ਤਿਆਰੀ ਵਿੱਚ ਹੈ।