ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਹੋਣ ਜਾ ਰਹੀ ਹੈ। ਚਾਰ ਮਹੀਨਿਆਂ ਬਾਅਦ ਅੱਜ ਇਹ ਮੀਟਿੰਗ ਹੋਣ ਲੱਗੀ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅੱਜ ਦੀ ਬੈਠਕ ਵਿਚ ਵੱਡੇ ਫੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ। ਇਸ ਵਿੱਚ ਲਗਭਗ 65 ਏਜੰਡੇ ਸ਼ਾਮਲ ਕੀਤੇ ਜਾਣਗੇ। ਇਸ ਦੌਰਾਨ ਖੂਨ ਦੇ ਰਿਸ਼ਤਿਆਂ ਵਿੱਚ ਜਾਇਦਾਦ ਦੇ ਤਬਾਦਲੇ ‘ਤੇ ਢਾਈ ਫੀਸਦੀ ਤੱਕ ਸਟੈਂਪ ਡਿਊਟੀ ਲਗਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਸਰਕਾਰ ਨੇ ਇਹ ਪ੍ਰਸਤਾਵ ਸੂਬੇ ਦੀ ਵਿੱਤੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਜੇਲ੍ਹ ਵਿਭਾਗ, ਹਾਊਸਿੰਗ ਵਿਭਾਗ, ਸਿਹਤ ਵਿਭਾਗ ਤੇ ਕੁਝ ਨਗਰ ਨਿਗਮਾਂ ਨਾਲ ਜੁੜੇ ਏਜੰਡੇ ਸ਼ਾਮਲ ਕੀਤੇ ਜਾਣਗੇ।
ਅਮਰੀਕਾ ਤੋਂ ਡਿਪੋਰਟ ਕੀਤੇ ਪੰਜਾਬੀ ਨੌਜਵਾਨਾਂ ਦੇ ਮੁੱਦੇ ‘ਤੇ ਮੀਟਿੰਗ ਵਿਚ ਚਰਚਾ ਹੋਣ ਦੀ ਸੰਭਾਵਨਾ ਹੈ। ਮੀਟਿੰਗ ਠੀਕ 12 ਵਜੇ ਸੀਐੱਮ ਭਗਵੰਤ ਮਾਨ ਦੀ ਅਗਵਾਈ ਵਿਚ ਹੋਵੇਗੀ। ਮੀਟਿੰਗ ਵਿਚ ਬ੍ਰਿਜ ਐਂਡ ਰੈਂਪ ਪਾਲਿਸੀ ਨੂੰ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਇਸ ਤਹਿਤ ਨਹਿਰਾਂ ਤੇ ਡ੍ਰੇਨਾਂ ‘ਤੇ ਬਣਨ ਵਾਲੇ ਬ੍ਰਿਜਾਂ ‘ਤੇ ਵੀ ਮਨਜ਼ੂਰੀ ਲੈਣੀ ਪਵੇਗੀ।ਨਾਲ ਹੀ ਫੀਸ ਭਰਨੀ ਹੋਵੇਗੀ। ਇਸੇ ਤਰ੍ਹਾਂ ਐਸਿਡ ਅਟੈਕ ਪੀੜਤਾਂ ਦੀ ਪੈਨਸ਼ਨ 8000 ਤੋਂ 10,000 ਕਰਨ ‘ਤੇ ਸਰਕਾਰ ਵਿਚਾਰ ਕਰ ਸਕਦੀ ਹੈ।
ਜੇਕਰ ਅਜਿਹਾ ਹੁੰਦਾ ਹੈ ਤਾਂ 7 ਸਾਲ ਬਾਅਦ ਇਹ ਵੱਡਾ ਫੈਸਲਾ ਹੋਵੇਗਾ। ਕਾਂਗਰਸ ਸਰਕਾਰ ਦੇ ਸਮੇਂ ਇਹ ਪੈਨਸ਼ਨ ਸ਼ੁਰੂ ਹੋਈ ਸੀ। ਇਸੇ ਤਰ੍ਹਾਂ ਡਿਵੈਲਪਰਾਂ ਨੂੰ ਇੰਟਰਨਲ ਡਿਵੈਲਪਮੈਂਟ ਚਾਰਜਿਸ ਦਾ 50 ਫੀਸਦੀ ਵਿਕਾਸ ਕੰਮ ‘ਤੇ ਖਰਚ ਕਰਨ ਲਈ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਟ੍ਰੈਵਲ ਏਜੰਟਾਂ ਖਿਲਾਫ ਪੰਜਾਬ ਪੁਲਿਸ ਦੀ SIT ਦਾ ਵੱਡਾ ਐਕਸ਼ਨ, 2 ਹੋਰ FIR’s ਦਰਜ, ਕੁੱਲ ਗਿਣਤੀ ਹੋਈ 10
ਦੱਸ ਦੇਈਏ ਕਿ ਕੈਬਨਿਟ ਮੀਟਿੰਗ ਦੀ ਤਰੀਕ ਵਿਚ ਦੋ ਵਾਰ ਬਦਲਾਅ ਕੀਤਾ ਗਿਆ ਸੀ। ਪਹਿਲਾਂ ਇਸ ਮਹੀਨੇ ਦੀ 6 ਫਰਵਰੀ ਨੂੰ ਮੀਟਿੰਗ ਰੱਖੀ ਗਈ ਸੀ ਪਰ ਮੀਟਿੰਗ ਦੀ ਤਰੀਕ ਐਲਾਨੇ ਜਾਣ ਦੇ ਕੁਝ ਸਮੇਂ ਬਾਅਦ ਹੀ ਇਸ ਵਿਚ ਬਦਲਾਅ ਕਰ ਦਿੱਤਾ ਗਿਆ ਸੀ। ਫਿਰ ਮੀਟਿੰਗ ਦੀ ਤਰੀਕ 10 ਫਰਵਰੀ ਤੈਅ ਕੀਤੀ ਗਈ ਪਰ ਇਸ ਦਰਮਿਆਨ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਬੁਲਾ ਲਈ ਸੀ ਇਸ ਲਈ ਹੁਣ ਅੱਜ ਬੈਠਕ ਸੱਦੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
