Capt Sarkar facilitates repatriation : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਸ਼ੇਸ਼ ਰੇਲ ਗੱਡੀਆਂ ਰਾਹੀਂ 2,50,000 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਵਿੱਚ ਵਾਪਸ ਜਾਣ ਦੀ ਸਹੂਲਤ ਮੁਹੱਈਆ ਕਰਵਾਈ ਹੈ। ਨੋਡਲ ਅਧਿਕਾਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬਾ ਸਰਕਾਰ ਪ੍ਰਵਾਸੀ ਮਜ਼ਦੂਰਾਂ ਲਈ 15 ਹੋਰ ਵਿਸ਼ੇਸ਼ ਰੇਲਾਂ ਚਲਾਉਣ ਨਾਲ ਹੁਣ 5 ਤੋਂ 19 ਮਈ ਤੱਕ ਅਜਿਹੀ ਰੇਲਾਂ ਦੀ ਕੁੱਲ ਗਿਣਤੀ 215 ਹੋ ਗਈ ਹੈ ਅਤੇ ਅਜਿਹਾ ਕਰਨ ਵਾਲਾ ਪੰਜਾਬ ਮੋਹਰੀ ਸੂਬਾ ਬਣ ਗਿਆ ਹੈ। ਡੀ ਸੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਅੰਮ੍ਰਿਤਸਰ ਤੋਂ 200 ਵੀਂ ਟ੍ਰੇਨ ਹਰੀ ਝੰਡੀ ਦਿਖਾ ਕੇ ਪ੍ਰਵਾਸੀਆਂ ਨੂੰ ਮਹਾਰਾਸ਼ਟਰ (ਮਜ਼ਦੂਰਾਂ ਦੇ ਪਿੱਤਰੀ ਸੂਬੇ) ਭੇਜਣ ਲਈ ਰਵਾਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵਾਪਸ ਜਾਣ ਦੀ ਇੱਛਾ ਰੱਖਣ ਵਾਲੇ ਪ੍ਰਵਾਸੀ ਜਲਦੀ ਤੋਂ ਜਲਦੀ ਬਿਨਾਂ ਕਿਸੇ ਮੁਸ਼ਕਲ ਤੋਂ ਆਪਣੇ ਪਰਿਵਾਰਾਂ ਕੋਲ ਪਹੁੰਚ ਸਕਣ।
ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਸਰਕਾਰ ਸਾਡੇ ਪ੍ਰਵਾਸੀ ਕਾਮਿਆਂ ਨੂੰ ਹਰ ਤਰ੍ਹਾਂ ਦੀ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ 24 ਘੰਟੇ ਕੰਮ ਕਰ ਰਹੀ ਹੈ। ਨੋਡਲ ਅਫ਼ਸਰ ਵਿਕਾਸ ਪ੍ਰਤਾਪ ਨੇ ਕਿਹਾ ਕਿ ਡਿਪਟੀ ਕਮਿਸ਼ਨਰਜ਼ ਅਤੇ ਅੰਬਾਲਾ ਤੇ ਫਿਰੋਜ਼ਪੁਰ ਡਿਵੀਜ਼ਨ ਦੇ ਰੇਲਵੇ ਅਧਿਕਾਰੀਆਂ ਦੇ ਸਹਿਯੋਗ ਨਾਲ ਇਹ ਕੰਮ ਪੂਰਾ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਕਟ ਦੇ ਸ਼ੁਰੂ ਤੋਂ ਹੀ ਸੂਬੇ ਵਿੱਚ ਕੰਮ ਕਰ ਰਹੇ ਸਾਰੇ ਪ੍ਰਵਾਸੀਆਂ, ਜੋ ਆਪਣੇ ਪਿੱਤਰੀ ਰਾਜਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ, ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸੀ। ਪ੍ਰਵਾਸੀਆਂ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪਹੁੰਚਾਉਣ ਲਈ ਕੁੱਲ 215 ਵਿਚੋਂ, ਸਭ ਤੋਂ ਵੱਧ ਰੇਲ ਗੱਡੀਆਂ (89) ਲੁਧਿਆਣਾ ਤੋਂ ਅਤੇ 61 ਰੇਲ ਗੱਡੀਆਂ ਜਲੰਧਰ ਤੋਂ ਚਲਾਈਆਂ ਗਈਆਂ ਹਨ।ਹੋਰ ਥਾਵਾਂ ਜਿੱਥੋਂ ਰੇਲ ਗੱਡੀਆਂ ਪ੍ਰਵਾਸੀਆਂ ਨੂੰ ਲੈ ਕੇ ਰਵਾਨਾ ਹੋਈਆਂ ਹਨ ਉਨਾਂ ਵਿਚ ਅੰਮ੍ਰਿਤਸਰ ਤੋਂ 19, ਪਟਿਆਲਾ(16), ਮੁਹਾਲੀ(15), ਬਠਿੰਡਾ(3), ਫਿਰੋਜ਼ਪੁਰ(6) ਅਤੇ ਸਰਹਿੰਦ ਤੋਂ 5 ਗੱਡੀਆਂ ਸ਼ਾਮਲ ਹਨ। ਸਭ ਤੋਂ ਵੱਧ ਰੇਲ ਗੱਡੀਆਂ ਯੂ.ਪੀ. ਅਤੇ ਉਸ ਤੋਂ ਬਾਅਦ ਬਿਹਾਰ ਅਤੇ ਝਾਰਖੰਡ ਨੂੰ ਜਾ ਰਹੀਆਂ ਹਨ।
ਪੰਜਾਬ ਸਰਕਾਰ ਛੱਤੀਸਗੜ, ਮਨੀਪੁਰ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਨੂੰ ਵੀ ਰੇਲਾਂ ਭੇਜ ਰਹੀ ਹੈ। ਪ੍ਰਵਾਸੀਆਂ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਘੱਟ ਕਰਨ ਲਈ ਸੂਬੇ ਵੱਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਵਚਨਬੱਧਤਾ ਦਾ ਭਰੋਸਾ ਦਿੰਦਿਆਂ ਉਨਾਂ ਕਿਹਾ ਕਿ ਘਰ ਵਾਪਸ ਜਾਣ ਵਾਲੇ ਸਾਰੇ ਲੋਕਾਂ ਨੂੰ ਉਨਾਂ ਦੇ ਸਫ਼ਰ ਲਈ ਭੋਜਨ, ਪਾਣੀ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।