Captain calls police protection : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਤਾਇਨਾਤ ਕਰਨ ਦੀ ਮੰਗ ਨੂੰ ਆਪਹੁਦਰੀ, ਬੇਤੁਕੀ ਤੇ ਤਰਕਹੀਣ ਦੱਸਿਆ। ਉਨ੍ਹਾਂ ਕਿਹਾ ਕਿ ਇਹ ਮੰਗ ਨਾ ਸਿਰਫ ਪੂਰੀ ਤਰਾਂ ਗੈਰਕਾਨੂੰਨੀ ਤੇ ਤਰਕਹੀਣ ਹੈ ਸਗੋਂ ਕਾਨੂੰਨ ਦੇ ਸਾਰੇ ਸਿਧਾਤਾਂ ਅਤੇ ਨਿਯਮਾਂ ਦੇ ਖਿਲਾਫ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਿਦਾਇਤਾਂ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਕਿਸੇ ਵੀ ਦੂਜੇ ਸੂਬੇ ਵਿੱਚ ਕਿਸੇ ਦੀ ਰੱਖਿਆ ਲਈ 72 ਘੰਟੇ ਤੋਂ ਵੱਧ ਨਹੀਂ ਠਹਿਰ ਸਕਦੀ। ਉਨ੍ਹਾਂ ਕਿਹਾ ਜੇਕਰ ਉਹ ਪੰਜਾਬ ਪੁਲਿਸ ਨੂੰ ਧਰਨੇ ਵਾਲੀ ਥਾਂ ‘ਤੇ ਭੇਜ ਵੀ ਦੇਣ ਤਾਂ ਉਨਾਂ ਦੇ ਨਾਲ 72 ਘੰਟਿਆਂ ਦੀ ਮਿਆਦ ਤੋਂ ਵੱਧ ਨਹੀਂ ਰੁਕ ਸਕਦੀ। ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਮੇਰੇ ਹੱਥ ਕਾਨੂੰਨ ਨਾਲ ਬੱਝੇ ਹੋਏ ਹਨ ਜਿਸ ਕਾਨੂੰਨ ਦੀ ਤੁਹਾਡੀ ਪਾਰਟੀ ਕੋਈ ਸਤਿਕਾਰ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਸਪੱਸ਼ਟ ਤੌਰ ’ਤੇ ਸੰਵਿਧਾਨਕ ਅਤੇ ਕਾਨੂੰਨੀ ਪ੍ਰਕਿਰਿਆ ਦੇ ਸਾਰੇ ਅਰਥ ਭੁੱਲ ਚੁੱਕੀ ਹੈ। ਇਥੋਂ ਤੱਕ ਕਿ ਆਪ ਸਰਵਉੱਚ ਅਦਾਲਤ ਵੱਲੋਂ ਨਿਰਧਾਰਤ ਕੀਤੇ ਕਾਨੂੰਨਾਂ ਤੋਂ ਪੂਰੀ ਤਰਾਂ ਅਣਜਾਨ ਹੈ।
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਆਗੂ ਰਾਘਵ ਚੱਢਾ ਨੇ ਅੰਦੋਲਨਕਾਰੀ ਕਿਸਾਨਾਂ ਦੀ ਸੁਰੱਖਿਆ ਲਈ ਧਰਨੇ ਵਾਲੀ ਥਾਂ ‘ਤੇ ਪੰਜਾਬ ਪੁਲਿਸ ਨੂੰ ਤਾਇਨਾਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ। ਰਾਘਵ ਚੱਢਾ ਨੇ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਜੇ ਪੰਜਾਬ ਪੁਲਿਸ ਦਾ ਘੋੜਸਵਾਰ ਰਾਜ ਦੇ ਕਿਸੇ ਨੇਤਾ ਜਾਂ ਅਧਿਕਾਰੀ ਨਾਲ ਦਿੱਲੀ ਆ ਸਕਦਾ ਹੈ, ਤਾਂ ਫਿਰ ਉਨ੍ਹਾਂ ਨੂੰ ਕਿਸਾਨੀ ਦੀ ਸੁਰੱਖਿਆ ਲਈ ਤਾਇਨਾਤ ਨਹੀਂ ਕੀਤਾ ਜਾ ਸਕਦਾ।